ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਸਿਰਫ਼ 11 ਕਿਲੋਮੀਟਰ ਦੂਰ ਹਨ ਤਾਲਿਬਾਨ

896
Share

ਕਾਬੁਲ, 14 ਅਗਸਤ (ਪੰਜਾਬ ਮੇਲ)- ਤਾਲਿਬਾਨ ਨੇ ਉੱਤਰੀ, ਪੱਛਮੀ ਤੇ ਦੱਖਣੀ ਅਫ਼ਗ਼ਾਨਿਸਤਾਨ ਦੇ ਬਹੁਤੇ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ ਤੇ ਉਹ ਸਿਰਫ਼ ਰਾਜਧਾਨੀ ਕਾਬੁਲ ਤੋਂ ਸਿਰਫ਼ 11 ਕਿਲੋਮੀਟਰ ਦੱਖਣ ’ਚ ਸਰਕਾਰੀ ਫੌਜਾਂ ਨਾਲ ਜੰਗ ਕਰ ਰਹੇ ਹਨ। ਤਾਲਿਬਾਨ ਨੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ਼ ਉਪਰ ਕਬਜ਼ੇ ਲਈ ਵੱਡਾ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ਦੇ ਦੱਖਣ ’ਚ ਵਸੇ ਸੂਬੇ ਲੋਗਾਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਤਾਲਿਬਾਨ ਨੂੰ ਆਪਣੇ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਹੈ, ਜਿਸ ਦਾ ਹਾਲੇ ਤੱਕ ਅੱਤਵਾਦੀਆਂ ਉਪਰ ਕੋਈ ਅਸਰ ਨਹੀਂ ਹੋਇਆ। ਇਸ ਦੌਰਾਨ ਤਾਲਿਬਾਨ ਨੇ ਕੰਧਾਰ ਵਿਚ ਰੇਡੀਓ ਸਟੇਸ਼ਨ ’ਤੇ ਕਬਜ਼ਾ ਕਰਕੇ ਉਸ ਦਾ ਨਾਮ ਵਾਇਸ ਆਫ ਸਰੀਆ ਰੱਖ ਦਿੱਤਾ ਹੈ। ਇਸ ਵਿਚ ਸਾਰੇ ਮੁਲਾਜ਼ਮ ਮੌਜੂਦ ਹਨ। ਉਹ ਖ਼ਬਰਾਂ, ਸਿਆਸੀ ਵਿਸ਼ਲੇਸ਼ਨ ਕਰਨ ਤੋਂ ਇਲਾਵਾ ਕੁਰਾਨ ਦੀਆਂ ਆਇਤਾਂ ਪੜ੍ਹਨਗੇ। ਲੱਗਦਾ ਹੈ ਕਿ ਹੁਣ ਸਟੇਸ਼ਨ ਤੋਂ ਗੀਤ ਸੰਗੀਤ ਦਾ ਪ੍ਰੋਗਰਾਮ ਨਹੀਂ ਹੋਵੇਗਾ। ਉਧਰ ਤਲਿਬਾਨ ਦੇ ਦਿਨ ਪ੍ਰਤੀ ਦਿਨ ਵਧਦੇ ਪ੍ਰਭਾਵ ਕਾਰਨ ਅਮਰੀਕੀ ਡਿਪਲੋਮੇਟਾਂ ਤੇ ਉਨ੍ਹਾਂ ਦੇ ਹਜ਼ਾਰਾਂ ਅਫ਼ਗ਼ਾਨ ਸਹਿਯੋਗੀਆਂ ਨੂੰ ਹਵਾਈ ਜਹਾਜ਼ਾਂ ਰਾਹੀਂ ਕੱਢਣ ਦੌਰਾਨ ਸੁਰੱਖਿਆ ਲਈ ਅਮਰੀਕੀ ਫੌਜ ਦੀਆਂ ਟੁਕੜੀਆਂ ਕਾਬੁਲ ਪੁੱਜ ਗਈਆਂ ਹਨ।

Share