ਅਫ਼ਰੀਕੀਆਂ ਲਈ ‘ਨੀਗਰੋ’ ਸ਼ਬਦ ਵਰਤਣਾ ਦੇਸ਼ ਲਈ ਸ਼ਰਮ ਵਾਲੀ ਗੱਲ : ਹਾਈਕੋਰਟ

913
Share

ਚੰਡੀਗੜ੍ਹ, 15 ਜੂਨ (ਪੰਜਾਬ ਮੇਲ)- ਅਫ਼ਰੀਕੀਆਂ ਨੂੰ ‘ਨੀਗਰੋ’ ਕਹਿਣਾ ਆਪਣੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਅਤੇ ਅਜਿਹੇ ਲਫ਼ਜ਼ ਦੀ ਵਰਤੋਂ ਕਰ ਕੇ ਭਾਰਤ ਦੀ ਮਹਿਮਾਨ ਨਿਵਾਜ਼ੀ ਵਾਲੀ ਮਾਣਮੱਤੀ ਸ਼ਾਨ ਨੂੰ ਢਾਹ ਨਹੀਂ ਲੱਗਣ ਦੇਣੀ ਚਾਹੀਦੀ। ਪੰਜਾਬ ਪੁਲਿਸ ਵਲੋਂ ਨਸ਼ੇ ਦੇ ਇਕ ਕੇਸ ‘ਚ ਅਦਾਲਤ ‘ਚ ਦਾਖਲ ਦੋਸ਼ ਪੱਤਰ ‘ਚ ਇਕ ਅਫ਼ਰੀਕੀ ਨੂੰ ਨੀਗਰੋ ਲਿਖਣ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਨੂੰ ਨਸੀਹਤ ਤਾਂ ਦਿੱਤੀ ਹੀ ਹੈ, ਨਾਲ ਹੀ ਸਬੰਧਿਤ ਪੁਲਿਸ ਵਾਲੇ ‘ਤੇ ਕਾਰਵਾਈ ਕਰਨ ਦਾ ਹੁਕਮ ਜਾਰੀ ਕਰਦਿਆਂ ਡੀ.ਜੀ.ਪੀ. ਨੂੰ ਕਿਹਾ ਹੈ ਕਿ ਅੱਗੇ ਲਈ ਅਜਿਹੇ ਲਫ਼ਜ਼ਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਬਕਾਇਦਾ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ। ਜਲੰਧਰ ਦੇ ਥਾਣਾ ਮਕਸੂਦਾਂ ‘ਚ ਦਸੰਬਰ 19 ‘ਚ ਦਰਜ ਕੇਸ ‘ਚ ਰੈਗੂਲਰ ਜ਼ਮਾਨਤ ਲਈ ਦਾਖਲ ਅਰਜ਼ੀ ਦੀ ਸੁਣਵਾਈ ਦੌਰਾਨ ਜਸਟਿਸ ਆਰ.ਐੱਨ. ਰੈਨਾ ਨੇ ਦੋਸ਼ ਪੱਤਰ ‘ਚ ਇਕ ਅਫ਼ਰੀਕੀ ਬਾਰੇ ਨੀਗਰੋ ਲਿਖੇ ਜਾਣ ‘ਤੇ ਇੱਥੋਂ ਤੱਕ ਕਿਹਾ ਕਿ ਪੰਜਾਬ ਪੁਲਿਸ ਇੱਥੇ ਰਹਿੰਦੇ ਹਰੇਕ ਅਫ਼ਰੀਕੀ ਨੂੰ ਨਸ਼ਾ ਤਸਕਰ ਸਮਝਦੀ ਹੈ ਅਤੇ ਉਸ ਨਾਲ ਉਹੋ ਜਿਹਾ ਵਤੀਰਾ ਅਪਣਾਉਂਦੀ ਹੈ। ਬੈਂਚ ਨੇ ਕਿਹਾ ਕਿ ਅਫ਼ਰੀਕੀ ਵਿਦਿਆਰਥੀ ਸਾਡੇ ਮਹਿਮਾਨ ਹਨ ਤੇ ਮਹਿਮਾਨ ਨਿਵਾਜ਼ੀ ਸਾਡੇ ਅਮੀਰ ਵਿਰਸੇ ਦਾ ਹਿੱਸਾ ਹੈ, ਲਿਹਾਜ਼ਾ ਉਨ੍ਹਾਂ ਨਾਲ ਅਜਿਹਾ ਵਤੀਰਾ ਠੀਕ ਨਹੀਂ ਹੈ। ਇਸ ਦੇ ਨਾਲ ਹਾਈਕੋਰਟ ਨੇ ਪੁਲਿਸ ਤੋਂ ਅਗਲੀ ਸੁਣਵਾਈ ‘ਤੇ ਉਨ੍ਹਾਂ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੀ ਰਿਪੋਰਟ ਤਲਬ ਕਰ ਲਈ ਹੈ।


Share