ਅਫ਼ਗਾਨ ਮਨੁੱਖੀ ਅਧਿਕਾਰ ਕਮਿਸ਼ਨ ’ਤੇ ਤਾਲਿਬਾਨ ਦਾ ਕਬਜ਼ਾ

730
ਕਾਬੁਲ ਵਿਖੇ ਮਹਿਲਾ ਅਫਗਾਨ ਕਰਮਚਾਰੀ ਘਰਾਂ ’ਚ ਰਹਿਣ ਦੇ ਆਦੇਸ਼ ਦਾ ਵਿਰੋਧ ਕਰਦੀਆਂ ਹੋਈਆਂ।
Share

– ਕਾਬੁਲ ’ਚ ਮਹਿਲਾ ਕਰਮਚਾਰੀਆਂ ਨੂੰ ਘਰਾਂ ’ਚ ਰਹਿਣ ਦਾ ਆਦੇਸ਼
– ਅਮਰੀਕੀ ਨਾਗਰਿਕ ਥਾਂ-ਥਾਂ ਲੁਕਣ ਲਈ ਹੋਏ ਮਜਬੂਰ
ਕਾਬੁਲ, 20 ਸਤੰਬਰ (ਪੰਜਾਬ ਮੇਲ)- ਤਾਲਿਬਾਨ ਵਲੋਂ ਆਪਣੇ ਲੜਾਕਿਆਂ ਨੂੰ ਅਫ਼ਗਾਨਿਸਤਾਨ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ ’ਚ ਤਾਇਨਾਤ ਕਰਨ ਦੀ ਜਾਣਕਾਰੀ ਮਿਲੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਸ ਦੇ ਲਗਭਗ ਸਭ ਦਫ਼ਤਰਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਕਰਮਚਾਰੀਆਂ ਦੇ ਕੰਮ ’ਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਤਾਲਿਬਾਨ ਨੇ ਕਮਿਸ਼ਨ ’ਚ ਆਪਣੇ ਪੱਧਰ ’ਤੇ ਕਈ ਨਿਯੁਕਤੀਆਂ ਵੀ ਕੀਤੀਆਂ ਹਨ ਅਤੇ ਕਮਿਸ਼ਨ ਦੀਆਂ ਜਾਇਦਾਦਾਂ ਜਿਵੇਂ ਵਾਹਨਾਂ ਅਤੇ ਕੰਪਿਊਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਤਾਲਿਬਾਨ ਨੂੰ ਮਨੁੱਖੀ ਅਧਿਕਾਰ ਕਰਮਚਾਰੀਆਂ ਅਤੇ ਉਨ੍ਹਾਂ ਸਾਰੇ ਅਫ਼ਗਾਨ ਮਨੁੱਖੀ ਅਧਿਕਾਰਾਂ ਦੇ ਰਖਵਾਲਿਆਂ ਦੀ ਆਜ਼ਾਦੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਅਫ਼ਗਾਨ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਅਣਥੱਕ ਮਿਹਨਤ ਕੀਤੀ ਹੈ। ਉੱਧਰ, ਰਾਜਧਾਨੀ ਕਾਬੁਲ ਦੇ ਅੰਤਰਿਮ ਮੇਅਰ ਹਮਦੁੱਲਾ ਨੋਮਾਨੀ ਨੇ ਕਿਹਾ ਕਿ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੇ ਮਹਿਲਾ ਅਫ਼ਗਾਨ ਕਰਮਚਾਰੀਆਂ ਨੂੰ ਘਰਾਂ ’ਚ ਰਹਿਣ ਦਾ ਆਦੇਸ਼ ਦਿੱਤਾ ਹੈ। ਸਿਰਫ਼ ਉਨ੍ਹਾਂ ਔਰਤਾਂ ਨੂੰ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ, ਜਿਨ੍ਹਾਂ ਦੀ ਥਾਂ ਪੁਰਸ਼ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਡਿਜ਼ਾਈਨ ਅਤੇ ਇੰਜੀਨੀਅਰਿੰਗ ਵਿਭਾਗਾਂ ’ਚ ਹੁਨਰਮੰਦ ਕਾਮਿਆਂ ਤੋਂ ਇਲਾਵਾ ਔਰਤਾਂ ਲਈ ਜਨਤਕ ਪਖਾਨਿਆਂ ਦੀ ਦੇਖਭਾਲ ਕਰਨ ਵਾਲੀਆਂ ਔਰਤਾਂ ਸ਼ਾਮਲ ਹਨ। ਨੋਮਾਨੀ ਦੀ ਉਕਤ ਟਿੱਪਣੀ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਤਾਲਿਬਾਨ ਜਨਤਕ ਜੀਵਨ ’ਚ ਔਰਤਾਂ ’ਤੇ ਪਾਬੰਦੀਆਂ ਲਗਾਉਣ ਸਮੇਤ ਇਸਲਾਮ ਦੀ ਸਖ਼ਤ ਵਿਆਖਿਆ ਨੂੰ ਲਾਗੂ ਕਰ ਰਿਹਾ ਹੈ। ਮੇਅਰ ਨੇ ਕਿਹਾ ਕਿ ਕਾਬੁਲ ਮਿਊਂਸਪਲ ਵਿਭਾਗਾਂ ’ਚ ਮਹਿਲਾ ਕਰਮਚਾਰੀਆਂ ਬਾਰੇ ਅੰਤਿਮ ਫ਼ੈਸਲਾ ਅਜੇ ਨਹੀਂ ਲਿਆ ਗਿਆ ਹੈ। ਨੋਮਾਨੀ ਦੀ ਉਕਤ ਟਿੱਪਣੀ ਬਾਅਦ ਕਾਬੁਲ ’ਚ ਮਹਿਲਾ ਅਫ਼ਗਾਨ ਕਰਮਚਾਰੀਆਂ ਨੇ ਤਾਲਿਬਾਨ ਸ਼ਾਸਕਾਂ ਵਲੋਂ ਜਾਰੀ ਉਕਤ ਆਦੇਸ਼ ਵਿਰੁੱਧ ਸਬੰਧਤ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੇ ਬਾਅਦ ਬਹੁਤ ਸਾਰੇ ਅਮਰੀਕੀ ਨਾਗਰਿਕ, ਅਮਰੀਕਾ ਦੇ ਸਥਾਈ ਨਿਵਾਸੀ, ਗ੍ਰੀਨ ਕਾਰਡ ਧਾਰਕ, ਵੀਜ਼ਾ ਬਿਨੈਕਾਰ ਸਮੇਤ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੇ 20 ਸਾਲਾਂ ਦੀ ਲੜਾਈ ’ਚ ਅਮਰੀਕੀ ਸੈਨਿਕਾਂ ਦੀ ਮਦਦ ਕੀਤੀ ਅਤੇ ਅਫ਼ਗਾਨਿਸਤਾਨ ਨੂੰ ਛੱਡਣ ਦੇ ਯੋਗ ਨਹੀਂ ਸਨ, ਮੌਜੂਦਾ ਸਮੇਂ ਉਹ ਸੱਤਾਧਾਰੀ ਤਾਲਿਬਾਨ ਤੋਂ ਡਰੇ ਹੋਏ ਹਨ ਅਤੇ ਮਜਬੂਰਨ ਜਗ੍ਹਾ ਬਦਲ-ਬਦਲ ਕੇ ਲੁਕ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਤਾਲਿਬਾਨ ਦੇ ਲੋਕ ਉਨ੍ਹਾਂ ਨੂੰ ਜੇਲ੍ਹ ’ਚ ਸੁੱਟ ਦੇਣਗੇ ਜਾਂ ਮਾਰ ਦੇਣਗੇ ਕਿਉਂਕਿ ਉਹ ਅਮਰੀਕੀ ਹਨ ਅਤੇ ਅਮਰੀਕੀ ਸਰਕਾਰ ਲਈ ਕੰਮ ਕੀਤਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹਜ਼ਾਰਾਂ ਗ੍ਰੀਨ ਕਾਰਡ ਧਾਰਕ ਤੇ ਲਗਪਗ 100 ਅਮਰੀਕੀ ਨਾਗਰਿਕ ਅਜੇ ਵੀ ਅਫ਼ਗਾਨਿਸਤਾਨ ’ਚ ਹਨ।

Share