ਅਫ਼ਗਾਨਿਸਤਾਨ ਵਿਦੇਸ਼ ਮੰਤਰਾਲੇ ਦੇ 80 ਫ਼ੀਸਦੀ ਸਟਾਫ਼ ਨੇ ਨੌਕਰੀ ਛੱਡੀ

965
Share

ਅੰਮਿ੍ਰਤਸਰ, 20 ਸਤੰਬਰ (ਪੰਜਾਬ ਮੇਲ)-ਤਾਲਿਬਾਨ ਦੀ ਨਵੀਂ ਸਰਕਾਰ ਬਣੀ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਦੂਜੇ ਦੇਸ਼ਾਂ ’ਚ ਚੱਲ ਰਹੇ ਅਫ਼ਗਾਨ ਦੂਤਾਵਾਸਾਂ ਦਾ ਭਵਿੱਖ ਅਜੇ ਵੀ ਅਨਿਸਚਿਤ ਹੈ। ਅਫ਼ਗਾਨ ਵਿਦੇਸ਼ ਮੰਤਰਾਲੇ ਦੇ ਇਕ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਪੂਰਾ ਮੰਤਰਾਲਾ ਖਾਲੀ ਹੋ ਗਿਆ ਹੈ, 80 ਫ਼ੀਸਦੀ ਕਰਮਚਾਰੀ ਨੌਕਰੀ ਛੱਡ ਕੇ ਅਫ਼ਗਾਨਿਸਤਾਨ ਤੋਂ ਬਾਹਰ ਚਲੇ ਗਏ ਹਨ। ਆਮ ਤੌਰ ’ਤੇ ਵਿਦੇਸ਼ ਮੰਤਰਾਲੇ ਦਾ ਰਾਜਨੀਤਕ ਵਿਭਾਗ ਹੀ ਦੂਜੇ ਦੇਸ਼ਾਂ ਦੇ ਦੂਤਾਵਾਸਾਂ ਨਾਲ ਸੰਪਰਕ ਰੱਖਦਾ ਹੈ ਅਤੇ ਹੁਣ ਇੱਥੇ ਸਿਰਫ਼ ਕੁਝ ਅਧਿਕਾਰੀ ਰਹਿ ਗਏ ਹਨ। ਤਾਲਿਬਾਨ ਸਰਕਾਰ ਦਾ ਬਹੁਤੇ ਅਫ਼ਗਾਨ ਦੂਤਾਵਾਸਾਂ ਨਾਲ ਸੰਪਰਕ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਦੂਤਾਵਾਸਾਂ ਨੇ ਤਾਲਿਬਾਨ ਸਰਕਾਰ ਨਾਲ ਸੰਪਰਕ ਨਹੀਂ ਕੀਤਾ, ਜਦਕਿ ਫਰਾਂਸ ਅਤੇ ਜਰਮਨੀ ਸਮੇਤ ਕਈ ਦੂਤਾਵਾਸਾਂ ਨੇ ਮੇਜ਼ਬਾਨ ਦੇਸ਼ਾਂ ’ਚ ਸ਼ਰਨ ਮੰਗੀ ਹੈ। ਕਈ ਦੂਤਾਵਾਸ ਅਜੇ ਵੀ ਸਾਬਕਾ ਵਿਦੇਸ਼ ਮੰਤਰੀ ਮੁਹੰਮਦ ਹਨੀਫ਼ ਅਤਮਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੇ ਸੰਪਰਕ ’ਚ ਹਨ। ਤਾਲਿਬਾਨ ਸਰਕਾਰ ਦੀ ਹਾਲਤ ਇਹ ਹੈ ਕਿ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਸਾਰੇ ਰਾਜਦੂਤਾਂ ਨਾਲ ਵਰਚੂਅਲ ਬੈਠਕ ਦਾ ਆਯੋਜਨ ਕੀਤਾ, ਜਿਸ ਨੂੰ ਬਾਅਦ ’ਚ ਰੱਦ ਕਰ ਦਿੱਤਾ ਗਿਆ ਕਿਉਂਕਿ ਜ਼ਿਆਦਾਤਰ ਦੂਤਾਵਾਸਾਂ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਪੰਜ ਦੂਤਾਵਾਸ ਅਜਿਹੇ ਹਨ, ਜੋ ਤਾਲਿਬਾਨ ਸਰਕਾਰ ਦੇ ਮੰਤਰਾਲੇ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਹੇ ਹਨ ਅਤੇ ਸਿਰਫ਼ ਕੁੱਝ ਕੁ ਦੂਤਾਵਾਸ ਹਨ ਜੋ ਤਾਲਿਬਾਨ ਦੇ ਸੰਪਰਕ ’ਚ ਹਨ।

Share