ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ’ਤੇ ਅਗਲੇ ਹੋਵੇਗੀ ਜੀ-7 ਆਗੂਆਂ ਦੀ ਬੈਠਕ

983
Share

ਵਾਸ਼ਿੰਗਟਨ, 19 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਗਲੇ ਹਫ਼ਤੇ ਜੀ-7 ਮੁਲਕਾਂ ਦੀ ਇਕ ਵਰਚੁਅਲ ਬੈਠਕ ਕਰਨ ਲਈ ਸਹਿਮਤ ਹੋ ਗਏ ਹਨ। ਇਹ ਬੈਠਕ ਅਫ਼ਗਾਨਿਸਤਾਨ ਦੀ ਤੇਜ਼ੀ ਨਾਲ ਬਦਲ ਰਹੀ ਸਥਿਤੀ ’ਤੇ ਕੀਤੀ ਜਾ ਰਹੀ ਹੈ। ਬਾਇਡਨ ਤੇ ਜੌਹਨਸਨ ਨੇ ਇਸ ਬਾਰੇ ਫੋਨ ਉਤੇ ਗੱਲਬਾਤ ਕੀਤੀ ਹੈ।
ਵ੍ਹਾਈਟ ਹਾਊਸ ਨੇ ਨਾਲ ਹੀ ਕਿਹਾ ਕਿ ਦੋਵਾਂ ਆਗੂਆਂ ਨੇ ਆਪਣੀ ਫ਼ੌਜ ਤੇ ਹੋਰ ਕਰਮਚਾਰੀਆਂ ਵੱਲੋਂ ਦਿਖਾਈ ਬਹਾਦਰੀ ਤੇ ਪੇਸ਼ੇਵਰ ਰਵੱਈਏ ਦੀ ਪ੍ਰਸ਼ੰਸਾ ਕੀਤੀ। ਅਮਰੀਕੀ ਤੇ ਬਰਤਾਨਵੀ ਫ਼ੌਜ ਕਾਬੁਲ ਵਿਚੋਂ ਆਪਣੇ ਨਾਗਰਿਕਾਂ ਤੇ ਮਦਦ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਕੱਢਣ ਲਈ ਮਿਲ ਕੇ ਕੰਮ ਕਰ ਰਹੀ ਸੀ। ਵਿਸ਼ਵ ਦੇ ਚੋਟੀ ਦੇ ਆਗੂਆਂ ਨੇ ਅਫ਼ਗਾਨਿਸਤਾਨ ਬਾਰੇ ਨੀਤੀ ਨੂੰ ਅੱਗੇ ਵਧਾਉਣ ਉਤੇ ਵੀ ਚਰਚਾ ਕੀਤੀ। ਸਹਿਯੋਗੀਆਂ ਵਿਚਾਲੇ ਤਾਲਮੇਲ ਜਾਰੀ ਰੱਖਣ ’ਤੇ ਵੀ ਚਰਚਾ ਹੋਈ। ਅਫ਼ਗਾਨ ਲੋਕਾਂ ਦੀ ਮਦਦ, ਸ਼ਰਨਾਰਥੀਆਂ ਨੂੰ ਸੰਭਾਲਣ ਬਾਰੇ ਵੀ ਗੱਲਬਾਤ ਕੀਤੀ ਗਈ। ਅਗਲੇ ਹਫ਼ਤੇ ਹੋਣ ਵਾਲੀ ਜੀ-7 ਬੈਠਕ ’ਚ ਇਕ ਸਾਂਝੀ ਰਣਨੀਤੀ ਉਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਅਫ਼ਗਾਨਿਸਤਾਨ ਬਾਰੇ ਸਾਂਝੀ ਪਹੁੰਚ ਅਪਨਾਉਣ ਬਾਰੇ ਵੀ ਚਰਚਾ ਹੋਵੇਗੀ।
ਜ਼ਿਕਰਯੋਗ ਹੈ ਕਿ ਜੀ-7 ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂ.ਕੇ. ਤੇ ਅਮਰੀਕਾ ਸ਼ਾਮਲ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਆਲਮੀ ਪੱਧਰ ’ਤੇ ਆਪਣੇ ਯਤਨਾਂ ਨੂੰ ਜਾਰੀ ਰੱਖ ਰਹੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਦੱਸਿਆ ਕਿ ਬਲਿੰਕਨ ਨੇ ਕਤਰ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ, ਕੁਵੈਤ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ।

Share