ਅਫ਼ਗਾਨਿਸਤਾਨ ਤੋਂ ਫ਼ੌਜ ਵਾਪਸੀ ‘ਤੇ ਕੋਈ ਫ਼ੈਸਲਾ ਨਹੀਂ : ਬਲਿੰਕਨ

446
Share

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਹਿੰਸਾਗ੍ਸਤ ਅਫ਼ਗਾਨਿਸਤਾਨ ਤੋਂ ਫ਼ੌਜ ਦੀ ਵਾਪਸੀ ਨੂੰ ਲੈ ਕੇ ਹੁਣ ਅਮਰੀਕਾ ਦੇ ਸੁਰ ਬਦਲ ਗਏ ਹਨ। ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਹਿੰਸਾਗ੍ਸਤ ਅਫ਼ਗਾਨਿਸਤਾਨ ਤੋਂ ਅਜੇ ਅਮਰੀਕੀ ਫ਼ੌਜ ਦੀ ਵਾਪਸੀ ‘ਤੇ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ।

ਤਾਲਿਬਾਨ ਨਾਲ ਹੋਏ ਅਮਰੀਕੀ ਸਮਝੌਤੇ ਵਿਚ ਇਕ ਮਈ ਤਕ ਫ਼ੌਜ ਦੀ ਵਾਪਸੀ ਦੀ ਡੈੱਡਲਾਈਨ ਤੈਅ ਕੀਤੀ ਗਈ ਸੀ। ਟਰੰਪ ਪ੍ਰਸ਼ਾਸਨ ਨੇ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਬਾਇਡਨ ਪ੍ਰਸ਼ਾਸਨ ਇਸ ਦੀ ਸਮੀਖਿਆ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਫ਼ੌਜ ਇੱਥੇ 18 ਸਾਲਾਂ ਤੋਂ ਹੈ ਅਤੇ 2001 ਤੋਂ ਲੈ ਕੇ ਹੁਣ ਤਕ ਲਗਪਗ 2,400 ਅਮਰੀਕੀ ਫ਼ੌਜੀ ਮਾਰੇ ਜਾ ਚੁੱਕੇ ਹਨ। ਬਲਿੰਕਨ ਨੇ ਸੰਸਦ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਕਿਹਾ ਕਿ ਉਹ ਕਿਸੇ ਵੀ ਸਮੀਖਿਆ ਤੋਂ ਪਹਿਲੇ ਆਪਣੀ ਰਾਇ ਪ੍ਰਗਟ ਨਹੀਂ ਕਰਨਾ ਚਾਹੁੰਦੇ ਹਨ। ਹਾਲਾਂਕਿ ਅਜੇ ਤਕ ਫ਼ੌਜ ਦੇ ਸਬੰਧ ਵਿਚ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਪ੍ਰੰਤੂ ਅਸੀਂ ਯਤਨ ਕਰ ਰਹੇ ਹਾਂ ਕਿ ਦੋਵਾਂ ਹੀ ਪੱਖਾਂ ਵਿਚ ਵਾਰਤਾ ਪਿੱਛੋਂ ਸ਼ਾਂਤੀ ਲਈ ਸਥਾਈ ਸਮਝੌਤਾ ਹੋ ਜਾਵੇ ਜਿਸ ਨਾਲ ਸਾਰੇ ਪੱਖ ਆਪਣੇ ਸਮਝੌਤੇ ਦਾ ਪਾਲਣ ਕਰ ਸਕਣ। ਅਸੀਂ ਆਪਣੇ ਯਤਨਾਂ ਦੇ ਨਾਲ ਹੀ ਸੰਯੁਕਤ ਰਾਸ਼ਟਰ ਅਤੇ ਸਾਰੇ ਸਬੰਧਿਤ ਦੇਸ਼ਾਂ ਨੂੰ ਯਤਨ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਦੇ ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ ਨਿਯੁਕਤ ਵਿਸ਼ੇਸ਼ ਦੂਤ ਜ਼ਾਲਮੇ ਖ਼ਲੀਲਜ਼ਾਦ ਦੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਸਾਰੇ ਪਹਿਲੂਆਂ ‘ਤੇ ਵਾਰਤਾ ਹੋਈ ਸੀ।


Share