ਅਫ਼ਗਾਨਿਸਤਾਨ ਤੋਂ ਵਿਸ਼ੇਸ਼ ਉਡਾਣ ਰਾਹੀਂ 10 ਭਾਰਤੀ ਨਾਗਰਿਕਾਂ ਸਣੇ 104 ਵਿਅਕਤੀ ਭਾਰਤ ਪਹੁੰਚੇ

402
Share

-ਕਾਬੁਲ ਦੇ ਇਤਿਹਾਸਕ ਆਸਾਮਾਈ ਮੰਦਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਤੇ ਹਿੰਦੂ ਧਰਮ ਦੇ ਤਿੰਨ ਗ੍ਰੰਥ ਵੀ ਲਿਆਂਦੇ
ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਭਾਰਤ ਵੱਲੋਂ 10 ਭਾਰਤੀ ਨਾਗਰਿਕਾਂ ਸਣੇ 104 ਲੋਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਿਆ ਗਿਆ। ਇਕ ਵਿਸ਼ੇਸ਼ ਉਡਾਣ ਕਾਬੁਲ ਤੋਂ ਇਨ੍ਹਾਂ ਲੋਕਾਂ ਨੂੰ ਲੈ ਨਵੀਂ ਦਿੱਲੀ ਪਹੁੰਚੀ। ਇਸ ਉਡਾਣ ’ਚ ਕਾਬੁਲ ਦੇ ਇਤਿਹਾਸਕ ਆਸਾਮਾਈ ਮੰਦਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਤੇ ਹਿੰਦੂ ਧਰਮ ਦੇ ਤਿੰਨ ਗ੍ਰੰਥ ਵੀ ਲਿਆਂਦੇ ਗਏ ਹਨ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਇਸ ਉਡਾਣ ਦਾ ਪ੍ਰਬੰਧ ਭਾਰਤ ਦੇ ਅਪਰੇਸ਼ਨ ‘ਦੇਵੀ ਸ਼ਕਤੀ’ ਅਧੀਨ ਕੀਤਾ ਗਿਆ ਸੀ। 15 ਅਗਸਤ ਨੂੰ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਅਪਰੇਸ਼ਨ ਅਫ਼ਗਾਨਿਸਤਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਸ਼ੁਰੂ ਕੀਤਾ ਗਿਆ ਸੀ। ਬਾਗਚੀ ਨੇ ਟਵੀਟ ਕੀਤਾ, ‘‘ਅਪਰੇਸ਼ਨ ਦੇਵੀ ਸ਼ਕਤੀ ਅਧੀਨ, ਕਾਮ ਏਅਰ ਦੀ ਇਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਭਾਰਤ ਵੱਲੋਂ ਕੀਤਾ ਗਿਆ ਅਤੇ ਇਹ ਉਡਾਣ ਕਾਬੁਲ ਤੋਂ ਨਵੀਂ ਦਿੱਲੀ ਪਹੁੰਚੀ। ਇਹ ਉਡਾਣ 10 ਭਾਰਤੀ ਨਾਗਰਿਕਾਂ ਸਣੇ ਅਫ਼ਗਾਨਿਸਤਾਨ ਦੇ ਹਿੰਦੂ-ਸਿੱਖ ਭਾਈਚਾਰੇ ਦੇ 94 ਵਿਅਕਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਹੈ। ਅਫ਼ਗਾਨਿਸਤਾਨ ’ਚੋਂ ਕੱਢੇ ਗਏ ਲੋਕਾਂ ’ਚ ਤਿੰਨ ਨਵ-ਜਨਮਿਆਂ ਸਣੇ ਨੌਂ ਬੱਚੇ ਸ਼ਾਮਲ ਹਨ।’’
ਅਧਿਕਾਰੀਆਂ ਨੇ ਕਿਹਾ ਕਿ ਇਹ ਉਡਾਣ ਕੁਝ ਦਵਾਈਆਂ ਆਦਿ ਤੋਂ ਇਲਾਵਾ ਭਾਰਤ ਵਿਚੋਂ 90 ਅਫ਼ਗਾਨੀ ਲੋਕਾਂ ਨੂੰ ਲੈ ਕੇ ਵਾਪਸ ਜਾਵੇਗੀ। ਇਹ ਉਡਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਤੇ ਹਿੰਦੂ ਧਰਮ ਦੇ ਗ੍ਰੰਥ ਲੈ ਕੇ ਆਈ ਹੈ। ਇਹ ਧਾਰਮਿਕ ਗ੍ਰੰਥ ਕਾਬੁਲ ਵਿਚ ਸਥਿਤ ਆਸਾਮਾਈ ਮੰਦਰ ’ਚੋਂ ਲਿਆਂਦੇ ਗਏ ਹਨ।
ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਅਤੇ ਦਿੱਲੀ ਵਿਚ ਅਫ਼ਗਾਨੀ ਦੂਤਾਵਾਸ ਦੋਹਾਂ ਨੇ ਇਸ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰਨ ਲਈ ਤਾਲਮੇਲ ਕੀਤਾ ਸੀ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਕ ਟਵੀਟ ਰਾਹੀਂ ਦੱਸਿਆ, ‘‘ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਤੋਂ ਇਲਾਵਾ ਕਾਬੁਲ ’ਚ ਸਥਿਤ ਆਸਾਮਾਈ ਮੰਦਰ ਤੋਂ ਸ੍ਰੀਮਦ ਭਗਵਦ ਗੀਤਾ, ਸ੍ਰੀ ਰਾਮਚਰਿਤ ਮਾਨਸ ਅਤੇ ਹੋਰ ਹਿੰਦੂ ਪਵਿੱਤਰ ਧਾਰਮਿਕ ਗ੍ਰੰਥ ਵੀ ਭਾਰਤ ਲਿਆਂਦੇ ਗਏ ਹਨ।’’

Share