ਅਫ਼ਗਾਨਿਸਤਾਨ ‘ਚ ਅਮਰੀਕਾ ਨੇ 10 ਫ਼ੌਜੀ ਅੱਡੇ ਕੀਤੇ ਬੰਦ

230
Share

ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਹਿੰਸਾ ਵਿਚ ਕੋਈ ਕਮੀ ਨਹੀਂ ਹੈ। ਇਸ ਦੇ ਬਾਵਜੂਦ ਅਮਰੀਕਾ ਨੇ ਆਪਣੀ ਫ਼ੌਜ ਨੂੰ ਹੌਲੀ-ਹੌਲੀ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਆਪਣੇ 10 ਫ਼ੌਜੀ ਅੱਡਿਆਂ ਨੂੰ ਬੰਦ ਕਰ ਦਿੱਤਾ ਹੈ। ਅਫ਼ਗਾਨਿਸਤਾਨ ‘ਚ ਅਮਰੀਕਾ ਦੇ ਕਿੰਨੇ ਫ਼ੌਜੀ ਅੱਡੇ ਹਨ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 10 ਸਾਲ ਪਹਿਲੇ ਅਮਰੀਕਾ ਨੇ ਇੱਥੇ ਸੈਂਕੜੇ ਫ਼ੌਜੀ ਅੱਡੇ ਬਣਾਏ ਸਨ ਪ੍ਰੰਤੂ ਹੁਣ ਇਹ ਘੱਟ ਕੇ ਕੁਝ ਦਰਜਨ ਹੀ ਰਹਿ ਗਏ ਹਨ।

ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਅਮਰੀਕਾ ਨੇ ਅਜਿਹੇ ਸੂਬਿਆਂ ਵਿਚ ਵੀ ਫ਼ੌਜੀ ਅੱਡੇ ਬੰਦ ਕੀਤੇ ਹਨ ਜਿੱਥੇ ਅਜੇ ਵੀ ਹਿੰਸਾ ਚੱਲ ਰਹੀ ਹੈ। ਜਿਨ੍ਹਾਂ 10 ਥਾਵਾਂ ‘ਤੇ ਇਨ੍ਹਾਂ ਨੂੰ ਬੰਦ ਕੀਤਾ ਗਿਆ ਹੈ ਉਨ੍ਹਾਂ ਵਿਚ ਹੇਲਮੰਡ, ਕਾਬੁਲ ਅਤੇ ਕੁੰਦੁਜ ਦੇ ਫ਼ੌਜੀ ਅੱਡੇ ਵੀ ਹਨ। ਅਮਰੀਕੀ ਫ਼ੌਜ ਨੇ ਆਪਣੀਆਂ ਸਾਰੀਆਂ ਬੱਸਾਂ ਅਫ਼ਗਾਨ ਫ਼ੌਜੀਆਂ ਨੂੰ ਦੇ ਦਿੱਤੀਆਂ ਹਨ ਅਤੇ ਕੁਝ ਨੂੰ ਸੀਲ ਕਰ ਦਿੱਤਾ ਹੈ। ਅਮਰੀਕਾ 15 ਜਨਵਰੀ ਤਕ ਪੰਜ ਹਜ਼ਾਰ ਫ਼ੌਜੀਆਂ ਨੂੰ ਘਟਾ ਕੇ ਇਹ ਗਿਣਤੀ ਢਾਈ ਹਜ਼ਾਰ ਕਰਨਾ ਚਾਹੁੰਦਾ ਹੈ। ਹੌਲੀ-ਹੌਲੀ ਫ਼ੌਜ ਦੀ ਵਾਪਸੀ ਅਮਰੀਕਾ ਦੇ ਤਾਲਿਬਾਨ ਨਾਲ ਹੋਏ ਸਮਝੌਤੇ ਦੀ ਪ੍ਰਮੁੱਖ ਸ਼ਰਤ ਸੀ। ਇਹ ਸਮਝੌਤਾ ਫਰਵਰੀ ਵਿਚ ਹੋਇਆ ਸੀ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਮਿਲਰ ਨੇ ਕਿਹਾ ਸੀ ਕਿ 15 ਜਨਵਰੀ ਤਕ ਅਮਰੀਕਾ ਆਪਣੀ ਫ਼ੌਜ ਦੀ ਗਿਣਤੀ ਪੰਜ ਹਜ਼ਾਰ ਤੋਂ ਘਟਾ ਕੇ ਢਾਈ ਹਜ਼ਾਰ ਕਰ ਦੇਵੇਗਾ। ਪੂਰੀ ਫ਼ੌਜ ਦੀ ਵਾਪਸੀ ਮਈ ਤਕ ਹੋਣ ਦੀ ਸੰਭਾਵਨਾ ਹੈ।


Share