ਅਹਿਮਦਨਗਰ ਹਸਪਤਾਲ ’ਚ ਅੱਗ, 11 ਮਰੀਜ਼ਾਂ ਦੀ ਮੌਤ

316
Share

ਪੁਣੇ, 7 ਨਵੰਬਰ (ਪੰਜਾਬ ਮੇਲ)- ਮਹਾਰਾਸ਼ਟਰ ਦੇ ਅਹਿਮਦਨਗਰ ਸ਼ਹਿਰ ਦੇ ਸਿਵਲ ਹਸਪਤਾਲ ਦੇ ਆਈਸੀਯੂ ’ਚ ਭਿਆਨਕ ਅੱਗ ਲੱਗਣ ਕਾਰਨ ਕਰੋਨਾਵਾਇਰਸ ਦੇ 11 ਮਰੀਜ਼ ਮਾਰੇ ਗਏ। ਹਾਦਸੇ ’ਚ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਸੜ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਸਵੇਰੇ ਕਰੀਬ 11 ਵਜੇ ਆਈਸੀਯੂ ’ਚ ਲੱਗੀ ਜਿਥੇ ਕਰੋਨਾਵਾਇਰਸ ਦੇ 20 ਮਰੀਜ਼ ਜ਼ੇਰੇ ਇਲਾਜ ਸਨ। ਅਹਿਮਦਨਗਰ ਦੇ ਜ਼ਿਲ੍ਹਾ ਕੁਲੈਕਟਰ ਰਾਜੇਂਦਰ ਭੌਸਲੇ ਨੇ ਅਗਨੀਕਾਂਡ ’ਚ 11 ਮਰੀਜ਼ਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅੱਗ ਸ਼ਾਰਟ ਸਰਕਿਟ ਕਾਰਨ ਲੱਗਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਹਿਮਦਨਗਰ ਮਿਉਂਸਿਪਲ ਕਾਰਪੋਰੇਸ਼ਨ ਦੇ ਮੁੱਖ ਫਾਇਰ ਅਫ਼ਸਰ ਸ਼ੰਕਰ ਮਿਸਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਹ ਅਮਲੇ ਨਾਲ ਹਸਪਤਾਲ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਅੱਗ ’ਤੇ ਦੁਪਹਿਰ ਕਰੀਬ ਡੇਢ ਵਜੇ ਕਾਬੂ ਪਾਇਆ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਮਰੀਜ਼ਾਂ ਨੂੰ ਨੇੜਲੇ ਹਸਪਤਾਲ ’ਚ ਪਹੁੰਚਾਇਆ ਗਿਆ ਜਿਥੇ 10 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭੋਸਲੇ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਮਰੀਜ਼ਾਂ ਦੀ ਮੌਤ ਧੂੰਏਂ ਕਾਰਨ ਦਮ ਘੁਟਣ ਕਰਕੇ ਹੋਈ ਹੈ ਜਾਂ ਹੋਰ ਕੋਈ ਕਾਰਨ ਹੈ।

ਇਸ ਦੌਰਾਨ ਮੁੱਖ ਮੰਤਰੀ ਊਧਵ ਠਾਕਰੇ ਨੇ ਹਸਪਤਾਲ ’ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਘਟਨਾ ’ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਮਾਮਲੇ ਦੀ ਜਾਂਚ ਕਰਕੇ ਸਰਕਾਰ ਨੂੰ ਰਿਪੋਰਟ ਪੇਸ਼ ਕਰਨਗੇ। ਉਨ੍ਹਾਂ ਮੰਤਰੀ ਹਸਨ ਮੁਸ਼ਰਿਫ ਅਤੇ ਮੁੱਖ ਸਕੱਤਰ ਸੀਤਾਰਾਮ ਕੁੰਟੇ ਨੂੰ ਹੋਰ ਮਰੀਜ਼ਾਂ ਦਾ ਬਿਨਾਂ ਕਿਸੇ ਅੜਿੱਕੇ ਦੇ ਇਲਾਜ ਯਕੀਨੀ ਬਣਾਉਣ ਲਈ ਕਿਹਾ।ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨਾਲ ਹਮਦਰਦੀ ਜਤਾਈ ਹੈ। ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਵੀ ਘਟਨਾ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਮੰਗੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਅਪਰੈਲ ’ਚ ਪਾਲਘਰ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਦੇ ਆਈਸੀਯੂ ’ਚ ਵੀ ਅੱਗ ਲੱਗਣ ਕਾਰਨ ਕਰੋਨਾ ਦੇ 15 ਮਰੀਜ਼ ਮਾਰੇ ਗਏ ਸਨ। ਇਸੇ ਤਰ੍ਹਾਂ ਮਾਰਚ ’ਚ ਮੁੰਬਈ ਦੇ ਭਾਂਡੁਪ ਦੇ ਡਰੀਮਜ਼ ਮਾਲ (ਆਰਜ਼ੀ ਹਸਪਤਾਲ) ’ਚ ਕਰੋਨਾ ਦੇ 9 ਮਰੀਜ਼ਾਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। -ਪੀਟੀਆਈ


Share