ਨਵੀਂ ਦਿੱਲੀ, 10 ਅਗਸਤ (ਪੰਜਾਬ ਮੇਲ)- ਰਾਜਸਥਾਨ ‘ਚ 14 ਅਗਸਤ ਨੂੰ ਸ਼ੁਰੂ ਹੋ ਰਹੇ ਅਸੈਂਬਲੀ ਇਜਲਾਸ ਤੋਂ ਪਹਿਲਾਂ ਕਾਂਗਰਸ ਤੋਂ ਬਾਗ਼ੀ ਹੋਏ ਆਗੂ ਸਚਿਨ ਪਾਇਲਟ ਨੇ ਅੱਜ ਪਾਰਟੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਪਾਰਟੀ ਵਿਚਲੇ ਸਿਖਰਲੇ ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਬਾਅਦ ਦੁਪਹਿਰ ਹੋਈ ਇਸ ਮੀਟਿੰਗ ਦਾ ‘ਸਕਾਰਾਤਮਕ ਨਤੀਜਾ’ ਆਉਣ ਦੀ ਉਮੀਦ ਹੈ। ਸੂਤਰਾਂ ਨੇ ਖ਼ਬਰ ਏਜੰਸੀ ਕੋਲ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਪਾਇਲਟ ਸਿਖਰਲੇ ਕਾਂਗਰਸੀ ਆਗੂਆਂ ਦੇ ਸੰਪਰਕ ਵਿਚ ਸੀ ਤੇ ਉਹਦੀ ਪਾਰਟੀ ‘ਚ ਵਾਪਸੀ ਲਈ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ। ਕਾਬਿਲੇਗੌਰ ਹੈ ਕਿ ਪਾਇਲਟ ਤੇ 18 ਹੋਰਨਾਂ ਵਿਧਾਇਕਾਂ ਵੱਲੋਂ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕੀਤੇ ਜਾਣ ਕਰਕੇ ਪਾਰਟੀ ਨੇ ਪਾਇਲਟ ਨੂੰ ਉਪ ਮੁੱਖ ਮੰਤਰੀ ਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਸੀ।