ਅਸ਼ੋਕ ਬਾਂਸਲ ਮਾਨਸਾ ਦੀ ਲਿਖੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਲੋਕ ਅਰਪਨ ਅਤੇ ‘ਸਨਮਾਨ ਸਮਾਰੋਹ’

46
Share

ਸਿਆਟਲ, 19 ਅਗਸਤ (ਮੰਗਤ ਕੁਲਜਿੰਦ/ਪੰਜਾਬ ਮੇਲ)- ਜਿੱਥੇ ਅਸ਼ੋਕ ਬਾਂਸਲ ਵਰਗੇ ਸਿਰੜੀ ਖੋਜੀ, ਮਾਂ ਬੋਲੀ ਪੰਜਾਬੀ ਨੂੰ ਆਪਣੇ ਸੀਨੇ ਨਾਲ ਲਾ ਕੇ ਦੇਸ਼ ਵਿਦੇਸ਼ ਘੁੰਮ ਰਹੇ ਹੋਣ ਅਤੇ ਸਿਆਟਲ ਵੱਸਦੇ, ਮਾਂ ਬੋਲੀ ਪੰਜਾਬੀ ਲਈ ਸੱਭ ਕੁਝ ਕੁਰਬਾਨ ਕਰਨ ਵਾਲੇ ਸੱਜਣ ਪੁਰਸ਼ ਮਨਜੀਤ ਸਿੰਘ ਚਾਹਲ ਅਤੇ ਕਰਨੈਲ ਸਿੰਘ ਕੈਲ ਵਰਗੇ ਹੋਣ, ਉਸ ਬੋਲੀ ਦਾ ਖਾਤਮਾ ਤਾਂ ਦੂਰ ਦੀ ਗੱਲ, ਸਮੇਂ ਦਾ ਚੱਕਰ ਵੀ ਉਸਦਾ ਵਾਲ ਵਿੰਗਾ ਨਹੀਂ ਕਰ ਸਕਦਾ।ਲੋਕ ਦਿਲ ਅਜ਼ੀਜ਼, ਪੰਜਾਬੀਆਂ ਨਾਲ ਜੰਮੀ ਅਤੇ ਧੁਰ ਤੱਕ ਸਾਥ ਨਿਭਾਉਣ ਵਾਲੀ ਵਿਧਾ ਕਾਵਿ ਦੀ ਵੰਨਗੀ- ਗੀਤ, ਜਿਹੜੀ ਪੰਜਾਬ ਦਾ ਇਤਿਹਾਸ, ਸੱਭਿਆਚਾਰ, ਪੰਜਾਬੀਆਂ ਦੇ ਹਾਸੇ-ਵਿਅੰਗ, ਜਜ਼ਬਾਤ, ਲਾਲਸਾਵਾਂ, ਉਮੀਦਾਂ, ਰੀਤੀ ਰਸਮਾਂ,ਪਿਆਰ ਮੁਹੱਬਤਾਂ ਇੱਥੋਂ ਤੱਕ ਕਿ ਰੋਣ ਵੀ ਆਪਣੀ ਬੁਕਲ ਵਿੱਚ ਸੰਭਾਲੀ ਬੈਠੀ ਹੈ, ਉਹਨਾਂ ਬਾਰੇ ਗਾਇਕਾਂ, ਰੀਕਾਰਡਿੰਗ ਕੰਪਨੀਆਂ, ਸੰਗੀਤ ਡਾਇਰੈਕਟਰਾਂ ਤੱਕ ਦੇ ਨਾਂ ਤਾਂ ਸਾਡੇ ਸਾਹਮਣੇ ਕਿਸੇ ਨਾ ਕਿਸੇ ਰੂਪ `ਚ ਆਉਂਦੇ ਰਹਿੰਦੇ ਹਨ ਪਰ ਦੁਖਾਂਤ ਤਾਂ ਇਹ ਹੈ  ਕਿ ਖੂਹ ਦੇ ਚੱਕ ਵਾਂਗੂੰ ਵਿਚਾਰੇ ਗੀਤਕਾਰਾਂ ਦਾ ਨਾਂ ਗੁੰਮ ਹੋਕੇ ਅਲੋਪ ਹੀ ਹੋ ਜਾਂਦਾ ਹੈ।ਆਪਣੇ ਤਨ ਮਨ ਧਨ ਦੀ ਵਰਤੋਂ ਕਰਦਿਆਂ ਦਿੱਲੀ ਦੱਖਣ ਗਾਹ ਕੇ, ਧਰਤ ਦੀਆਂ ਕੰਨੀਆਂ ਨੂੰ ਛੋਹਕੇ, ਪੰਜਾਬੀ ਦੇ ਗੀਤਕਾਰਾਂ ਦੇ ਖੁਰੇ ਖੋਜ ਲੱਭ ਕੇ, ਪਹਿਲੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ `ਚ 20 ਕੁ ਗੁੰਮਨਾਮ ਜਾਂ ਭੁੱਲੇ ਵਿਸਰੇ ਲੇਖਕਾਂ ਦੇ ਨਾਂ ਅਤੇ ਉਹਨਾਂ ਦੀਆਂ ਲੋਕ ਜ਼ਬਾਨ ਤੇ ਚੜੀਆਂ ਕਿਰਤਾਂ- (ਲਾਲ ਚੂੜਾ ਛਣਕਦਾ) ਗਿਆਨ ਚੰਦ ਧਵਨ, (ਅੱਖੀਆਂ `ਚ ਤੂੰ ਵੱਸਦਾ) ਹਰਭਜਨ ਸਿੰਘ ਚਮਕ, (ਲੰਮਾ ਲੰਮਾ ਬਾਜਰੇ ਦਾ ਸਿੱਟਾ) ਵਰਮਾ ਮਾਲਿਕ, (ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ) ਪ੍ਰਕਾਸ਼ ਸਾਥੀ, (ਕੁੰਡਲਾਂ ਤੋਂ ਪੁੱਛ ਗੋਰੀਏ) ਚਰਨ ਸਫਰੀ, (ਜੁੱਤੀ ਲੱਗਦੀ ਵੈਰੀਆਂ ਮੇਰੇ) ਦੀਪਕ ਜੈਤੋਈ, (ਘੁੰਡ ਵਿੱਚ ਨਹੀਂ ਲੁਕਦੇ) ਸਾਜਨ ਰਾਏ ਕੋਟੀ, (ਗੋਰੀ ਦੀਆਂ ਝਾਜਰਾਂ) ਨੰਦ ਲਾਲ ਨੂਰਪੁਰੀ, (ਮਿੱਤਰਾਂ ਦੀ ਲੂਣ ਦੀ ਡਲੀ) ਗੁਰਦੇਵ ਸਿੰਘ ਮਾਨ, (ਪਿੱਪਲਾਂ ਵੇ ਸੱਜਣਾਂ ਦੇ ਪਿੰਡ ਦਿਆ) ਗੁਰਦਾਸ ਆਲਮ, (ਮੈਂ ਕੀ ਪਿਆਰ ਵਿੱਚੋਂ ਖੱਟਿਆ) ਯਮਲਾ ਜੱਟ, (ਮੱਘਦਾ ਰਹੀਂ ਵੇ ਸੂਰਜਾ) ਸੰਤ ਰਾਮ ਉਦਾਸੀ, (ਕਾਲੀ ਤੇਰੀ ਗੁੱਤ ਤੇ ਪਰਾਦਾਂ ਤੇਰਾ ਲਾਲ ਨੀ) ਕੈਪਟਨ ਹਰਭਜਨ ਸਿੰਘ ਪਰਵਾਨਾ, (ਮੋੜੇਗਾਂ ਕਦ ਮੁਹਾਰਾਂ) ਸਾਧੂ ਸਿੰਘ ਆਂਚਲ, (ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ) ਚਾਨਣ ਗੋਬਿੰਦਪੁਰੀ, (ਮੁਟਿਆਰੇ ਜਾਣਾ ਦੂਰ ਪਿਆ) ਇੰਦਰਜੀਤ ਤੁਲਸੀ, (ਮਲਕੀ ਖੂਹ…….) ਸੋਹਣ ਸਿੰਘ ਸੀਤਲ, (ਮਾਏ ਨੀ ਵਿਚੋਲਾ ਮਰਜੇ) ਦਇਆ ਸਿੰਘ ਦਿਲਬਰ, (ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ) ਕਰਨੈਲ ਸਿੰਘ ਪਾਰਸ ਰਾਮੂਵਾਲੀਆ ਆਦਿ ਨੂੰ ਲੋਕਾਂ ਦੇ ਰੂਬਰੂ ਕੀਤਾ ਹੈ। ਉਹਨਾਂ ਵਿੱਚੋਂ ਬਹੁਤੇ ਤਾਂ ਹੁਣ ਇਸ ਜਹਾਨੋਂ ਕੂਚ ਕਰ ਚੁੱਕੇ ਹਨ,ਉਹਨਾਂ ਦੀਆਂ ਜ਼ਿੰਦਗੀ ਵਿੱਚ ਗੀਤਕਾਰੀ ਨਾਲ ਸੰਬੰਧਿਤ ਯਾਦਗਾਰੀ ਯਾਦਾਂ ਨੂੰ ਕਲਮ ਬੱਧ ਕਰਕੇ ਲੋਕਾਂ ਲਈ ਇਤਿਹਾਸਕ ਦਸਤਾਵੇਜ ਬਣਾ ਦਿੱਤਾ ਹੈ। ਗੀਤਾਂ ਨੂੰ ਪੇਸ਼ ਕਰਨ ਦੇ ਮਾਧਿਅਮਾਂ ਵਿੱਚ ਪੱਥਰ ਵਾਲੇ ਤਵਿਆਂ ਤੋਂ ਲੈਕੇ ਹੁਣ ਤੱਕ ਆਈਆਂ ਤਬਦੀਲੀਆਂ ਦੀ ਜਾਣਕਾਰੀ ਦਾ ਖਜ਼ਾਨਾ ਹੈ ਇਹ ਕਿਤਾਬ।
ਸਿਆਟਲ ਸ਼ਹਿਰ ਵਿੱਚ ਸੈਮ ਵਿਰਕ ਜੀ ਦੇ (ਕੈਂਟ ਇਵੈਂਟ ਸੈਂਟਰ) ਵਿੱਚ ਮਨਜੀਤ ਸਿੰਘ ਚਾਹਲ,ਕਰਨੈਲ ਸਿੰਘ ਕੈਲ ਅਤੇ ਸਾਥੀਆਂ ਦੁਆਰਾ ਰੱਖੇ ਗਏ ਪ੍ਰੋਗਰਾਮ ਵਿੱਚ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਪੋ੍ਰਗਰਾਮ ਦੀ ਸ਼ੁਰੂਆਤ ਕਰਦਿਆਂ ਮਨਜੀਤ ਚਾਹਲ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਅਸ਼ੋਕ ਬਾਂਸਲ ਨੂੰ ਉਸਦੇ ਕੀਤੇ ਗਏ ਅਤੇ ਕੀਤੇ ਜਾ ਰਹੇ ਖੋਜੀ ਕੰਮਾਂ ਲਈ ਵਧਾਈ ਦਿੱਤੀ। ਬਲਜੀਤ ਸੈਂਹਬੀ ਨੇ ਆਪਣੀ ਕਲਾ ਕੌਸ਼ਲਤਾ ਨਾਲ ਰੌਚਕਤਾ-ਭਰਪੂਰ ਸਟੇਜ ਸੰਚਾਲਨ ਕੀਤਾ।ਅੱਜ ਦੇ ਮਹਿਮਾਨ ਅਸ਼ੋਕ ਬਾਂਸਲ ਜੀ ਨੇ ਇਸ ਕਿਤਾਬ ਦੀ ਸਿਰਜਣਾ ਬਾਰੇ ਅਤੇ ਕਈ ਰੌਚਕ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਕਿਤਾਬ ਬਾਰੇ ਬੋਲਦਿਆਂ ਵਿਅੰਗਕਾਰ ਮੰਗਤ ਕੁਲਜਿੰਦ ਸੰਪਾਦਕ ਸ਼ਬਦ ਤ੍ਰਿੰਜਣ, ਹਰਪਾਲ ਸਿੰਘ ਸਿਧੂ, ਸੁਖਚੈਨ ਸਿੰਘ ਸੰਧੂ,ਜਸਵੀਰ ਸਿੰਘ ਸਹੋਤਾ, ਅਮਰਜੀਤ ਤਰਸਿੱਕਾ ਅਤੇ ਕਰਨੈਲ ਸਿੰਘ ਕੈਲ ਆਦਿ ਨੇ ਕਿਤਾਬ ਦੇ ਕਲਾ ਅਤੇ ਵਿਸ਼ੇ ਪੱਖਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ। ਉੱਘੇ ਲੇਖਕ ਅਤੇ ਗਾਇਕ ਬਲਬੀਰ ਸਿੰਘ ਲਹਿਰਾ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਮਾਹੌਲ ਨੂੰ ਸੰਜੀਦਾ ਵੀ ਕੀਤਾ ਅਤੇ ਹਾਸਿਆਂ ਭਰਿਆ ਵੀ ਬਨਾ ਦਿੱਤਾ।ਨਾਮਵਰ ਗਾਇਕ ਅਵਤਾਰ ਬਿੱਲਾ ਨੇ ਆਪਣੀ ਗੜਕਵੀਂ ਆਵਾਜ਼ ਵਿੱਚ ਗੀਤ ਸੁਣਾਕੇ ਪੰਜਾਬੀਅਤ ਦਾ ਮਾਹੌਲ ਸਿਰਜ ਦਿੱਤਾ।ਪ੍ਰੋਗਰਾਮ ਦੇ ਅਖੀਰ ਵਿੱਚ ਅਸ਼ੋਕ ਬਾਂਸਲ ਜੀ ਦਾ ਸਨਮਾਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮਨਮੋਹਨ ਸਿੰਘ ਜੋਧਾਂ, ਉਕਾਂਰ ਸਿੰਘ ਭੰਡਾਲ, ਕੁਲਵੰਤ ਸਿੰਘ ਮਿਨਹਾਸ,ਕਰਨ ਸਿਧੂ, ਮਨਮੋਹਨ ਸਿੰਘ ਢਿਲੋਂ,ਜਗਦੇਵ ਸਿੰਘ ਸੰਧੂ,ਸਰਬਜੀਤ ਸਿੰਘ ਸੰਧੂ,ਜਸ ਧਾਲੀਵਾਲ,ਮਨਮੋਹਨ ਸਿੰਘ ਧਾਲੀਵਾਲ,ਪੀ.ਐਸ.ਪੁਰੇਵਾਲ,ਗੁਰਮੀਤ ਸਿੰਘ ਐਮਾਜੋਨ,,ਇਕਬਾਲ ਸਿੰਘ ਸਿਧੂ, ਗੁਰਦੀਪ ਸਿਧੂ , ਜੌਹਲ ਜੀ,ਰਾਮ ਸਿੰਘ ਧਾਲੀਵਾਲ,ਇੰਦਰਜੀਤ ਸਿੰਘ ਮਾਂਗਟ, ਹਰਸ਼-ਵਿਰਕ, ਲਖਵਿੰਦਰ ਸਿੰਘ, ਧਰਮ ਸਿੰਘ ਮੈਰੀਪੁਰ,ਗੁਰਮੀਤ ਸਿੰਘ ਲਿਖਾਰੀ, ਜਤਿੰਦਰ ਸਿੰਘ ਬਸਾਤੀ,ਆਦਿ ਦੀ ਹਾਜ਼ਰੀ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾ ਰਹੀ ਸੀ।
ਡਿਨਰ ਕਰਦੇ ਵਕਤ ਹਾਸ ਰਸ ਦੀਆਂ ਰੌਚਕ ਕਵਿਤਾਵਾਂ ਅਤੇ ਗੱਲਾਂ ਬਾਤਾਂ ਨਾਲ ਮਾਹੌਲ ਖੁਸ਼ਮਈ ਬਣਿਆ ਰਹਿਆ ।

Share