ਅਵਤਾਰ ਸਿੰਘ ਹਾਂਸ ਨੈਸ਼ਨਲ ਪਾਰਟੀ ਦੇ ਉਟਾਹੂਹੂ-ਪੈਨਮਿਊਰ ਚੋਣ ਖੇਤਰ ਦੇ 9ਵੀਂ ਵਾਰ ਚੇਅਰਮੈਨ ਬਣੇ

228
ਅਵਤਾਰ ਸਿੰਘ ਹਾਂਸ
Share

‘ਨੈਸ਼ਨਲ’ ਹਲਕਾ ਚੇਅਰਮੈਨ…ਨਿਭਾਈ ਜਿੰਮੇਵਾਰੀ ਤੇ ਵਿਸ਼ਵਾਸ਼ ਬਰਕਰਾਰ
ਔਕਲੈਂਡ, 6 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਦੇਸ਼ ਦੀ ਵਿਰੋਧੀ ਧਿਰ ਦੀ ਰਾਜਨੀਤਕ ਪਾਰਟੀ ‘ਨੈਸ਼ਨਲ’ ਜਿਸਦੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ 33 (23 ਚੋਣ ਜਿੱਤੇ 10 ਲਿਸਟ)  ਸੰਸਦ ਮੈਂਬਰ ਹਨ ਅਕਸਰ ਆਪਣੇ ਚੋਣ ਖੇਤਰ ਦੇ ਵਿਚ ਸਰਗਰਮੀਆਂ ਜਾਰੀ ਰੱਖਦੀ ਹੈ। ਚੋਣ-ਖੇਤਰ ਉਟਾਹੂਹੂ-ਪੈਨਮਿਊਰ ਜਿਸਦੀ ਆਬਾਦੀ 75000 ਤੋਂ ਜਿਆਦਾ ਹੈ,  2020 ਚੋਣਾਂ ਦੇ ਵਿਚ ਕਾਫੀ ਸਰਗਰਮੀਆਂ ਭਰਿਆ ਰਿਹਾ ਸੀ ਕਿਉਂਕਿ ਇਥੇ ਭਾਰਤੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ। ਭਾਰਤੀਆਂ ਨੂੰ ਖੁਸ਼ੀ ਹੋਵੇਗੀ ਕਿ ‘ਨੈਸ਼ਨਲ’ ਪਾਰਟੀ ਜਿਸ ਨੇ 2008 ਤੋਂ 2017 ਤੱਕ ਲਗਾਤਾਰ 9 ਸਾਲ ( 19 ਨਵੰਬਰ 2008 ਤੋਂ 26 ਅਕਰਤੂਬਰ 2017 ਤੱਕ) ਰਾਜ ਕੀਤਾ ਵੱਲੋਂ ਹਰ ਚੋਣ ਖੇਤਰ ਦੇ ਵਿਚ ਆਪਣੇ ਚੇਅਰਮੈਨ ਨਿਯੁਕਤ ਕੀਤੇ ਜਾਂਦੇ ਹਨ ਤੇ ਆਪਣੇ ਪੰਜਾਬੀ ਵੀਰ ਸ. ਅਵਤਾਰ ਸਿੰਘ ਹਾਂਸ ਪਿਛਲੇ ਲਗਪਗ ਇਕ ਦਹਾਕੇ ਤੋਂ ਚੇਅਰਮੈਨ ਚੱਲੇ ਆ ਰਹੇ ਹਨ। ਪਹਿਲਾਂ ਉਹ ਹਲਕਾ ਮੈਨੁਕਾਓ ਈਸਟ ਦੇ ਹੁਣ ਤੱਕ ਚੇਅਰਮੈਨ ਚੱਲੇ ਆ ਰਹੇ ਸਨ ਅਤੇ 2020 ਦੇ ਵਿਚ ਉਹ ਉਟਾਹੂਹੂ-ਪੈਨਮਿਊਰ ਚੋਣ ਖੇਤਰ ਦੇ ਚੇਅਰਮੈਨ ਬਣਾਏ ਗਏ। ਪਿਛਲੇ ਦਿਨੀਂ ਇਸ ਅਹੁਦੇ ਦੀ ਦੁਬਾਰਾ ਚੋਣ ਕੀਤੀ ਗਈ ਤਾਂ ਸ. ਅਵਤਾਰ ਸਿੰਘ ਹਾਂਸ ਹੋਰਾਂ ਨੂੰ 9ਵੀਂ ਵਾਰ ਨੈਸ਼ਨਲ ਪਾਰਟੀ ਵੱਲੋਂ ਸਰਬ ਸੰਮਤੀ ਦੇ ਨਾਲ ਚੇਅਰਮੈਨ ਚੁਣ ਲਿਆ ਗਿਆ ਹੈ। ਇਸ ਅਹੁਦੇ ਦੀ ਮਿਆਦ ਇਕ ਸਾਲ ਹੁੰਦੀ ਹੈ ਅਤੇ ਇਸ ਦੌਰਾਨ ਨੈਸ਼ਨਲ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਦੇ ਨਾਲ ਰਾਬਤਾ ਕਾਇਮ ਰੱਖਣਾ ਹੁੰਦਾ ਹੈ ਅਤੇ ਲੋਕਾਂ ਦੇ ਨਾਲ ਮਿਲਵਰਤਣ ਦੇ ਵਿਚ ਰਹਿਣਾ ਹੁੰਦਾ ਹੈ। ਇਕ ਤਰ੍ਹਾਂ ਨਾਲ ਇਹ ਹਲਕਾ ਚੇਅਰਮੈਨ ਦੀ ਡਿਊਟੀ ਹੁੰਦੀ ਹੈ ਅਤੇ ਜਿੰਮੇਵਾਰੀ ਅਤੇ ਵਿਸ਼ਵਾਸ਼ ਦੇ ਨਾਲ ਕੀਤੀ ਜਾਂਦੀ ਹੈ। ਹਾਂਸ ਹੋਰਾਂ ਦਾ 9ਵੀਂ ਵਾਰ ਚੁਣਿਆ ਜਾਣਾ ਪਾਰਟੀ ਦਾ ਵਿਸ਼ਵਾਸ਼ ਪ੍ਰਗਟ ਕਰਦਾ ਹੈ। ਵਰਨਣਯੋਗ ਹੈ ਕਿ ਸ. ਅਵਤਾਰ ਸਿੰਘ ਹਾਂਸ ਇਕ ਸਫਲ ਕੀਵੀ ਫਰੂਟ ਦੇ ਕਾਸ਼ਤਕਾਰ ਹਨ, ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ. ਸੀ. ਆਨਰਜ਼  (Agronomist) ਪਾਸ ਹਨ, ਹਾਰਟੀਕਲਚਰ ਲੀਡਰਸ਼ਿਪ ਟ੍ਰੇਨਿੰਗ ਪ੍ਰਾਪਤ ਹਨ (ਲਿੰਕਨ ਯੂਨੀਵਰਸਿਟੀ), ‘ਸਮਾਲ ਬਿਜ਼ਨਸ ਮੈਨੇਜਮੈਂਟ ਸਕਿੱਲ’ ਰੱਖਦੇ ਹਨ ਅਤੇ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਨਾਲ ਵੀ ਜੁੜੇ ਹੋਏ ਹਨ। ਇਨ੍ਹਾਂ ਦਾ ਜੱਦੀ ਪਿੰਡ ਕਿਲਾ ਹਾਂਸ ਜ਼ਿਲ੍ਹਾ ਲੁਧਿਆਣਾ ਹੈ।


Share