ਅਲਾਸਕਾ ਦੇ ਦੋ ਸਿਹਤ ਕਰਮਚਾਰੀਆਂ ਨੂੰ ਫਾਈਜ਼ਰ ਟੀਕਾ ਲੈਣ ਤੋਂ ਬਾਅਦ ਹੋਈ ਅਲਰਜੀ

317
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਦੇਸ਼ ਵਿੱਚ ਸ਼ੁਰੂ ਹੋਏ ਕੋਰੋਨਾਂ ਵਾਇਰਸ ਟੀਕਾਕਰਨ ਵਿੱਚ ਸਿਹਤ ਕਰਮਚਾਰੀਆਂ ਨੂੰ ਪਹਿਲਾਂ ਟੀਕਾ ਲਗਾਉਣ ਲਈ ਤਰਜੀਹ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।ਹੁਣ ਤੱਕ ਕਈ ਸਿਹਤ ਕਾਮੇ ਟੀਕੇ ਲਗਵਾ ਚੁੱਕੇ ਹਨ।ਫਾਈਜ਼ਰ ਕੰਪਨੀ ਦੇ ਟੀਕੇ ਲਗਾਉਣ ਦੀ ਇਸ ਪ੍ਰਕਿਰਿਆ ਵਿੱਚ ਅਲਾਸਕਾ ਦੇ ਦੋ ਸਿਹਤ ਕਾਮਿਆਂ ਨੇ ਟੀਕਾ ਲਗਵਾਉਣ ਤੋਂ ਬਾਅਦ ਅਲਰਜੀ ਦੀ ਪ੍ਰਤੀਕਿਰਿਆ ਦਾ ਸਾਹਮਣਾ ਕੀਤਾ ਹੈ।ਇਸ ਬਾਰੇ ਰਾਜ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਹਿਲਾ ਕਰਮਚਾਰੀ ਨੂੰ ਮੰਗਲਵਾਰ ਦੇ ਦਿਨ ਬਾਰਟਲੇਟ ਖੇਤਰੀ ਹਸਪਤਾਲ ਵਿੱਚ ਕੋਰੋਨਾਂ ਦਾ ਟੀਕਾ ਲਗਾਇਆ ਗਿਆ ਸੀ ਅਤੇ ਬਾਰਟਲੇਟ ਦੀ ਐਮਰਜੈਂਸੀ  ਡਾਇਰੈਕਟਰ ਡਾ. ਲਿੰਡੀ ਜੋਨਸ ਦੇ ਅਨੁਸਾਰ, ਟੀਕਾ ਲੈਣ ਤੋਂ 10 ਮਿੰਟ ਬਾਅਦ ਇਸ ਕਰਮਚਾਰੀ ਦੇ ਦਿਲ ਦੀ ਧੜਕਣ, ਸਾਹ, ਚਮੜੀ ਦੇ ਧੱਫੜ ਅਤੇ ਲਾਲੀ ਆਦਿ ਅਲਰਜੀ ਦੇ ਸੰਕੇਤ ਦਿਖਾਈ ਦਿੱਤੇ।ਇਸ ਤੋਂ ਬਾਅਦ ਪੀੜਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਾਹਿਰਾਂ ਅਨੁਸਾਰ ਇਹ ਅਲਰਜੀ ਦੀ ਗੰਭੀਰ ਪ੍ਰਤੀਕ੍ਰਿਆ ਸੀ ਪਰ ਇਹ ਜਾਨਲੇਵਾ ਨਹੀਂ ਸੀ।ਇਸਦੇ ਦੂਜੇ ਮਾਮਲੇ ਵਿੱਚ ਵੀ ਇੱਕ ਮਰਦ ਸਿਹਤ ਕਾਮੇ ਨੂੰ ਉਸੇ ਹਸਪਤਾਲ ਵਿੱਚ ਟੀਕੇ ਪ੍ਰਤੀ ਘੱਟ ਗੰਭੀਰ ਐਲਰਜੀ ਵਾਲੀ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ ਪਰ ਇਹ ਵਿਅਕਤੀ ਇੱਕ ਘੰਟੇ ਦੇ ਅੰਦਰ ਪੂਰੀ ਠੀਕ ਹੋ ਗਿਆ ਅਤੇ ਉਸਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਇਸ ਸੰਬੰਧੀ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ ਸ਼ਾਮ ਤੱਕ ਇਸਦੇ ਸਟਾਫ ਦੇ 144 ਮੈਂਬਰਾਂ ਨੂੰ ਟੀਕਾ ਲਗਾਇਆ ਗਿਆ ਜਦਕਿ ਕੁੱਲ 400 ਦੇ ਲੱਗਭਗ ਕਰਮਚਾਰੀਆਂ ਨੇ ਟੀਕੇ ਲਈ ਬੇਨਤੀ ਕੀਤੀ ਸੀ।  ਇਸਦੇ ਨਾਲ ਹੀ ਦੋ ਅਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਦੇ ਅੰਕੜੇ ਵੀ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ) ਨਾਲ ਸਾਂਝੇ ਕੀਤੇ ਜਾ ਰਹੇ ਹਨ। ਸੀ.ਡੀ.ਸੀ ਦੇ ਡਿਪਟੀ ਡਾਇਰੈਕਟਰ ਡਾ. ਜੇ ਬਟਲਰ ਦੇ ਅਨੁਸਾਰ ਹੁਣ ਤੱਕ ਫਾਈਜ਼ਰ ਟੀਕੇ ਦੇ ਸੰਬੰਧ ਵਿੱਚ ਸਿਰਫ  ਦੋ ਬਾਰਟਲੇਟ ਹਸਪਤਾਲ ਦੇ ਕਾਮੇ ਹੀ ਅਲਰਜੀ ਦੇ ਸ਼ਿਕਾਰ ਹੋਏ ਹਨ। ਜਿਕਰਯੋਗ ਹੈ ਕਿ ਕਲੀਨਿਕਲ ਪ੍ਰੀਖਣਾਂ ਵਿੱਚ ਕੋਰੋਨਾਂ ਟੀਕੇ ਨੂੰ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਦੱਸਣ ਤੋਂ ਬਾਅਦ ਐਫ ਡੀ ਏ ਨੇ ਫਾਈਜ਼ਰ ਦੇ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਕੀਤਾ ਸੀ।

Share