ਅਲਾਸਕਾ ’ਚ ਫਾਈਜ਼ਰ ਕੰਪਨੀ ਦਾ ਕੋਰੋਨਾ ਟੀਕਾ ਲਗਵਾਉਂਦੇ ਹੀ ਦੋ ਲੋਕਾਂ ਦੀ ਸਿਹਤ ਹੋਈ ਖਰਾਬ

402
Share

ਅਲਾਸਕਾ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਅਲਾਸਕਾ ’ਚ ਫਾਈਜ਼ਰ ਕੰਪਨੀ ਦਾ ਕੋਰੋਨਾ ਟੀਕਾ ਲਗਵਾਉਂਦੇ ਹੀ ਦੋ ਲੋਕਾਂ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਆਈ.ਸੀ.ਯੂ. ’ਚ ਦਾਖਲ ਕਰਵਾਉਣਾ ਪਿਆ। ਟੀਕੇ ਦੇ ਮਾੜੇ ਪ੍ਰਭਾਵਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲੇ ਬਿ੍ਰਟੇਨ ’ਚ ਵੀ ਇਸ ਦੇ ਮਾੜੇ ਪ੍ਰਭਾਵਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੇ ਟੀਕਾਕਰਣ ਪ੍ਰੋਗਰਾਮ ’ਤੇ ਕੋਈ ਅਸਰ ਨਹੀਂ ਪਵੇਗਾ।

ਤਾਜ਼ਾ ਮਾਮਲਾ ਅਲਾਸਕਾ ਸਥਿਤ ਇਕ ਹਸਪਤਾਲ ਦੇ ਦੋ ਮੁਲਾਜ਼ਮਾਂ ਦਾ ਹੈ ਜਿਨ੍ਹਾਂ ਨੂੰ ਇਸ ਹਫਤੇ ਟੀਕਾ ਲਾਇਆ ਗਿਆ ਸੀ। ਬਾਰਟਲੇਟ ਰੀਜਨਲ ਹਸਪਤਾਲ ’ਚ ਕਰੀਬ 50 ਸਾਲਾ ਬੀਬੀ ਨੂੰ ਮੰਗਲਵਾਰ ਨੂੰ ਟੀਕਾ ਲਾਇਆ ਗਿਆ ਪਰ 10 ਮਿੰਟ ਦੇ ਅੰਦਰ ਉਸ ਨੂੰ ਐਲਰਜੀ ਹੋਣ ਲੱਗੀ, ਸਾਹ ਫੁੱਲਣ ਲੱਗਿਆ ਅਤੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ। ਉਸ ਨੂੰ ਗੰਭੀਰ ਐਲਰਜੀ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੀ ਦਵਾਈ ਦਿੱਤੀ ਗਈ। ਪਰ ਦਵਾਈ ਖਾਣ ਦੇ ਕੁਝ ਹੀ ਦੇਰ ਬਾਅਦ ਫਿਰ ਉਹ ਸਮੱਸਿਆ ਸ਼ੁਰੂ ਹੋ ਗਈ।

ਇਸ ਕਾਰਣ ਬੀਬੀ ਨੂੰ ਆਈ.ਸੀ.ਯੂ. ’ਚ ਦਾਖਲ ਕਰਨਾ ਪਿਆ ਅਤੇ ਉਸ ਨੂੰ ਦੋ ਦਿਨ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਬੀਬੀ ਨੂੰ ਕਦੇ ਕਿਸੇ ਚੀਜ਼ ਨਾਲ ਐਲਰਜੀ ਨਹੀਂ ਹੋਈ ਸੀ। ਇਸ ਤਰ੍ਹਾਂ ਬੁੱਧਵਾਰ ਨੂੰ ਟੀਕਾ ਲਵਾਉਣ ਵਾਲੇ ਮਰਦ ਨੂੰ ਵੀ 10 ਮਿੰਟ ਦੇ ਅੰਦਰ ਟੀਕੇ ਦੇ ਮਾੜੇ ਪ੍ਰਭਾਵ ਨਾਲ ਜੂਝਣਾ ਪਿਆ। ਉਸ ਨੂੰ ਅੱਖਾਂ ’ਚ ਸੂਜਨ ਅਤੇ ਗਲੇ ’ਚ ਖਰਾਸ਼ ਦਾ ਸਾਹਮਣਾ ਕਰਨਾ ਪਿਆ। ਐਮਰਜੈਂਸੀ ਕਮਰੇ ’ਚ ਲਿਜਾ ਕੇ ਉਸ ਦਾ ਇਲਾਜ ਕੀਤਾ ਗਿਆ ਅਤੇ ਇਕ ਘੰਟੇ ਦੇ ਅੰਦਰ ਉਸ ਦੀ ਹਾਲਤ ਆਮ ਹੋ ਗਈ।
ਅਮਰੀਕਾ ਦੇ ਮਾਹਰ ਡਾ. ਪਾਲ ਏ. ਆਫਿਟ ਨੇ ਕਿਹਾ ਕਿ ਟੀਕਾਕਰਣ ਦੇ ਸਮੇਂ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਲਵਾਉਣ ਵਾਲੇ ਲੋਕਾਂ ਨੂੰ 15 ਮਿੰਟ ਤੱਕ ਕੇਂਦਰ ’ਤੇ ਰੋਕੇ ਰਹਿਣਾ ਜ਼ਰੂਰੀ ਤਾਂ ਕਿ ਮਾੜੇ ਪ੍ਰਭਾਵਾਂ ਦੀ ਸਥਿਤੀ ’ਚ ਉਨ੍ਹਾਂ ਦਾ ਤੁਰੰਤ ਇਲਾਜ ਹੋ ਸਕੇ। ਫਾਈਜ਼ਰ ਕੰਪਨੀ ਦੇ ਬੁਲਾਰੇ ਜੇਰੀਕਾ ਪਿਟਸ ਨੇ ਕਿਹਾ ਕਿ ਅਲਾਸਕਾ ਮਾਮਲੇ ’ਚ ਕੰਪਨੀ ਨੂੰ ਅਜੇ ਪੂਰਾ ਬਿਊਰਾ ਨਹੀਂ ਮਿਲਿਆ ਹੈ। ਇਸ ਦੇ ਪਹਿਲੇ ਕੰਪਨੀ ਨੇ ਬਿ੍ਰਟੇਨ ’ਚ ਉਸ ਦੇ ਟੀਕੇ ਦੇ ਮਾੜੇ ਪ੍ਰਭਾਵਾਂ ਨਾਲ ਜੂਝਣ ਵਾਲੇ ਦੋ ਲੇਕਾਂ ਦੇ ਬਾਰੇ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਐਲਰਜੀ ਦੀ ਪੁਰਾਣੀ ਬੀਮਾਰੀ ਸੀ।


Share