ਅਲਾਬਮਾ ਦੇ ਵੇਸਟ ਵਾਟਰ ਪਲਾਂਟ ’ਚ ਫੜੀ ਗੈਰ-ਕਾਨੂੰਨੀ ਸ਼ਰਾਬ ਦੀ ਫੈਕਟਰੀ

553
Share

ਫਰਿਜ਼ਨੋ, 20 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਦੇਸ਼ ’ਚ ਗੈਰ-ਕਾਨੂੰਨੀ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ’ਚ ਪੁਲਿਸ ਨੂੰ ਅਲਾਬਮਾ ਵਿਚ ਇੱਕ ਸ਼ਰਾਬ ਫੈਕਟਰੀ ਨੂੰ ਜ਼ਬਤ ਕਰਨ ਵਿਚ ਸਫਲਤਾ ਪ੍ਰਾਪਤ ਹੋਈ ਹੈ। ਡੀਕਾਲਬ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ, ਪੁਲਿਸ ਅਧਿਕਾਰੀਆਂ ਨੇ ਉੱਤਰ ਪੂਰਬ ਅਲਾਬਮਾ ਦੇ ਰੇਨਸਵਿਲੇ ਵਿਚ ਮਿਉਂਸੀਪੈਲਟੀ ਦੇ ਇੱਕ ਗੰਦੇ ਪਾਣੀ ਦੇ ਪਲਾਂਟ ’ਚ ਲੰਬੇ ਸਮੇਂ ਤੋਂ ਚੱਲ ਰਹੀ ਗੈਰ-ਕਾਨੂੰਨੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਬੀਤੇ ਹਫਤੇ ਵੀਰਵਾਰ ਵਾਲੇ ਦਿਨ ਤਕਰੀਬਨ 3 ਵਜੇ ਕਾਰਵਾਈ ਕਰਦਿਆਂ ਇਸ ਪਲਾਂਟ ਵਿਚੋਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਫਿਲਹਾਲ ਵਾਈਨ ਬਣਾਉਣ ਵਾਲਿਆਂ ਦੇ ਨਾਂ ਜਾਰੀ ਨਹੀਂ ਕੀਤੇ ਹਨ, ਪਰ ਜਾਂਚਕਰਤਾਵਾਂ ਅਨੁਸਾਰ ਇਸ ਗਤੀਵਿਧੀ ਵਿਚ ਰੇਨਸਵਿਲੇ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਵਿਚ ਕੁੱਝ ਮਿਉਂਸੀਪਲ ਕਰਮਚਾਰੀ ਸ਼ਾਮਲ ਸਨ। ਇਸ ਅਪ੍ਰੇਸ਼ਨ ਦੌਰਾਨ ਅਧਿਕਾਰੀਆਂ ਦੇ ਪਲਾਂਟ ਵਿਚ ਪਹੁੰਚਣ ਤੋਂ ਬਾਅਦ ਮੇਅਰ ਲਿੰਗਰਫੈਲਟ ਦੁਆਰਾ ਅਗਲੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਇਸ ਕਾਰਵਾਈ ਦੇ ਸੰਬੰਧ ਵਿਚ ਡੇਕਾਲਬ ਕਾਉਂਟੀ ਸ਼ੈਰਿਫ ਨਿਕ ਵੈਲਡੇਨ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਕਾਉਂਟੀ ਦਾ ਸੰਭਵ ਤੌਰ ’ਤੇ ਇੱਕ ਵੱਡਾ ਅਪ੍ਰੇਸ਼ਨ ਹੈ। ਇਸਦੇ ਇਲਾਵਾ ਵਿਭਾਗ ਅਨੁਸਾਰ ਇਸ ਫੈਕਟਰੀ ਵਿਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਬਾਲਟੀਆਂ ਦੇ ਭੰਡਾਰ ਦੇ ਨਾਲ ਵਾਈਨ ਬਣਾਉਣ ਲਈ ਲੋੜੀਂਦਾ ਸਮਾਨ ਵੀ ਜ਼ਬਤ ਕੀਤਾ ਗਿਆ ਹੈ, ਅਤੇ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਉਮੀਦ ਨਾਲ ਅਧਿਕਾਰੀਆਂ ਦੁਆਰਾ ਇਸ ਮਾਮਲੇ ਦੀ ਜਾਂਚ ਜਾਰੀ ਹੈ।

Share