ਅਲਬਾਮਾ ਵਾਸੀ ਵਿਸ਼ਵ ਯੁੱਧ ਦੂਜੇ ਦੇ 104 ਸਾਲਾ ਸਾਬਕਾ ਸੈਨਿਕ ਨੇ ਦਿੱਤੀ ਕੋਰੋਨਾ ਨੂੰ ਮਾਤ

173
Share

ਫਰਿਜ਼ਨੋ, 8 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਜੇਕਰ ਵਿਅਕਤੀ ਦਾ ਕਿਸੇ ਕੰਮ ਪ੍ਰਤੀ ਦ੍ਰਿੜ੍ਹ ਇਰਾਦਾ ਅਤੇ ਯਕੀਨ ਹੋਵੇ, ਤਾਂ ਉਮਰ ਦੇ ਹਰ ਪੜਾਅ ਵਿਚ ਕਿਸੇ ਵੀ ਖੇਤਰ ‘ਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਅਜਿਹੀ ਹੀ ਇੱਕ ਮਿਸਾਲ ਅਲਬਾਮਾ ਦੇ 104 ਸਾਲਾ ਸਾਬਕਾ ਸੈਨਿਕ ਨੇ ਕੋਰੋਨਾਵਾਇਰਸ ਨੂੰ ਹਰਾ ਕੇ ਕਾਇਮ ਕੀਤੀ ਹੈ। ਪਿਛਲੇ ਹਫਤੇ ਹਸਪਤਾਲ ਦਾਖਲ ਹੋਏ ਅਤੇ ਕੋਰੋਨਾਵਾਇਰਸ ਨਾਲ ਲੜਨ ਤੋਂ ਬਾਅਦ ਇਸ ਵਿਅਕਤੀ ਨੂੰ ਆਪਣਾ 104ਵਾਂ ਜਨਮ ਦਿਨ ਮਨਾਉਣ ਲਈ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਦੂਜੇ ਵਿਸ਼ਵ ਯੁੱਧ ਦੇ ਬਜ਼ੁਰਗ ਮੇਜਰ ਲੀ ਵੂਟਨ ਪਿਛਲੇ ਹਫਤੇ ਮੈਡੀਸਨ, ਅਲਬਮਾ ਵਿਚ ਇਸ ਵਾਇਰਸ ਤੋਂ ਠੀਕ ਹੋਏ ਹਨ। ਮੈਡੀਸਨ ਹਸਪਤਾਲ ਦੇ ਸਟਾਫ ਨੇ ਉਸ ਨੂੰ ਇੱਕ ਵਿਸ਼ੇਸ਼ ਤਰੀਕੇ ਨਾਲ  ਉਸਦੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਛੁੱਟੀ ਦਿੱਤੀ ਹੈ। ਇਸ ਦੌਰਾਨ ਇਸ ਬਜ਼ੁਰਗ ਸੈਨਿਕ ਦਾ ਹੌਂਸਲਾ ਵਧਾਉਣ ਲਈ ਸਿਹਤ ਕਰਮਚਾਰੀਆਂ ਨੇ ਕਤਾਰ ਵਿਚ ਖੜ੍ਹੇ ਹੋ ਕੇ ”ਹੈਪੀ ਬਰਥਡੇ” ਦੇ ਗੀਤ ਗਾਏ ਅਤੇ ਵੂਟਨ ਦੀ ਪ੍ਰਸ਼ੰਸਾ ਵੀ ਕੀਤੀ। ਜਾਣਕਾਰੀ ਅਨੁਸਾਰ, ਵੂਟਨ ਨੇ ਵਿਦੇਸ਼ਾਂ ਵਿਚ ਕਈ ਸਾਲਾਂ ਲਈ ਯੂ.ਐੱਸ. ਦੀ ਫੌਜ ਵਿਚ ਸੇਵਾ ਕੀਤੀ ਹੈ, ਜਿਸ ਦੌਰਾਨ ਉਸਨੇ ਰੇਲ ਰੋਡ ਬਣਾਏ ਅਤੇ 1940 ਦੇ ਦਹਾਕੇ ਵਿਚ ਪੈਰਿਸ ‘ਚ ਰੇਲ ਕਾਰਾਂ ‘ਤੇ ਵੀ ਕੰਮ ਕੀਤਾ ਹੈ। ਉਮਰ ਦੇ ਇਸ ਪੜਾਅ ਵਿਚ ਵੀ ਇਸ ਬਿਮਾਰੀ ਨੂੰ ਹਰਾ ਕੇ ਇਹ ਬਜ਼ੁਰਗ ਹੋਰਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।


Share