ਅਲਬਾਮਾ ’ਚ ਆਏ ਤੂਫਾਨ ਕਾਰਨ ਹੋਏ ਹਾਦਸਿਆਂ ’ਚ 12 ਲੋਕਾਂ ਦੀ ਮੌਤ: ਕਈ ਫੱਟੜ

124
Share

ਅਟਲਾਂਟਾ, 21 ਜੂਨ (ਪੰਜਾਬ ਮੇਲ)- ਅਮਰੀਕਾ ਦੇ ਅਲਬਾਮਾ ਸੂਬੇ ’ਚ ਆਏ ਤੂਫਾਨ ਦੇ ਕਾਰਨ ਹੋਏ ਹਾਦਸਿਆਂ ’ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਅਚਾਨਕ ਆਏ ਹੜ੍ਹ ਕਾਰਨ ਦਰਜਨਾਂ ਘਰ ਨੁਕਸਾਨੇ ਗਏ।
ਅਲਬਾਮਾ ਸੂਬੇ ਦੀ ਬਟਲਰ ਕਾਊਂਟੀ ਦੇ ਕੋਰੋਨਰ ਨੇ ਕਿਹਾ ਕਿ ਦੱਖਣੀ ਮੋਂਟਗੋਮਰੀ ’ਚ ਕਰੀਬ 15 ਗੱਡੀਆਂ ਆਪਸ ਵਿਚ ਟਕਰਾ ਗਈਆਂ। ਜਿਸ ਦੇ ਕਾਰਨ 9 ਬੱਚਿਆਂ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ’ਚ ਮਾਰੇ ਗਏ ਲੋਕਾਂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਹਾਦਸਾ ਸੜਕਾਂ ’ਤੇ ਤਿਲਕਣ ਕਾਰਨ ਹੋਇਆ। ਇਸ ਹਾਦਸੇ ’ਚ ਇੱਕ ਵੈਨ ਵਿਚ ਸਵਾਰ ਅੱਠ ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਚਾਰ ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਹ ਵੈਨ ਬੱਚਿਆਂ ਦੇ ਲਈ ਅਲਬਾਮਾ ਸ਼ੈਰਿਫ ਐਸੋਸੀਏਸ਼ਨ ਦੁਆਰਾ ਸੰਚਾਲਤ ਇੱਕ ਸੰਗਠਨ ਨਾਲ ਸਬੰਧਤ ਸੀ।
ਇਸ ਤੋਂ ਇਲਾਵਾ ਇੱਕ ਹੋਰ ਗੱਡੀ ’ਚ ਇੱਕ ਵਿਅਕਤੀ ਅਤੇ ਇੱਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਵਿਚਾਲੇ ਟਸਕਲੋਸਾ ਸ਼ਹਿਰ ਦੇ ਘਰ ’ਤੇ ਇੱਕ ਦਰੱਖਤ ਡਿੱਗਣ ਕਾਰਨ 24 ਸਾਲਾ ਵਿਅਕਤੀ ਅਤੇ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਤੂਫਾਨ ਦੇ ਕਾਰਨ ਮਿਸੀਸਿਪੀ ਖਾੜ੍ਹੀ ਖੇਤਰ ’ਚ 30 ਸੈਂਟੀਮੀਟਰ ਤੱਕ ਬਾਰਸ਼ ਹੋਈ।
ਉਤਰੀ ਜੌਰਜੀਆ, ਦੱਖਣੀ ਕੈਰੋਲਾਈਨਾ ਦੇ ਜ਼ਿਆਦਾਤਰ ਹਿੱਸਿਆਂ, ਉਤਰੀ ਕੈਰੋਲਾਈਨਾ ਅਤੇ ਦੱਖਣ ਪੂਰਵ ਅਲਬਾਮਾ ਦੇ ਕੁਝ ਹਿੱਸਿਆਂ ਅਤੇ ਫਲੋਰਿਡਾ ਪੈਨਹੈਂਡਲ ’ਚ ਐਤਵਾਰ ਨੂੰ ਅਚਾਨਕ ਅੜ੍ਹ ਆ ਗਿਆ।

Share