ਅਰਪਨ ਲਿਖਾਰੀ ਸਭਾ ਕੈਲਗਰੀ ਦੀ ਨਵੇਂ ਵਰ੍ਹੇ ਦੀ ਪਲੇਠੀ ਇਕੱਤਤਰਤਾ

236
Share

ਸਰੀ, 12 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਅਰਪਨ ਲਿਖਾਰੀ ਸਭਾ ਦੀ ਇਸ ਵਰ੍ਹੇ ਦੀ ਪਹਿਲੀ ਮੀਟਿੰਗ ਜ਼ੂਮ ਰਾਹੀਂ ਹੋਈ। ਸਤਨਾਮ ਸਿੰਘ ਢਾਅ ਨੇ ਮੀਟਿੰਗ ਦਾ ਸੰਚਾਲਨ ਕਰਦਿਆਂ ਸਾਰੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬੀਤੇ ਵਰ੍ਹੇ ਵਿਚ ਭਾਵੇਂ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਆਈਆਂ, ਪਰ ਦੁਨੀਆਂ ਭਰ ਦੇ ਲੋਕਾਂ ਨੇ ਇਨ੍ਹਾਂ ਦਾ ਬਹੁਤ ਹੌਂਸਲੇ ਨਾਲ ਮੁਕਾਬਲਾ ਕੀਤਾ। ਉਨ੍ਹਾਂ ਨਵੇਂ ਵਰ੍ਹੇ ਵਿਚ ਵੀ ਪਿਛਲੇ ਵਰ੍ਹੇ ਦੀਆਂ ਚੁਣੌਤੀਆਂ ਦਾ ਹੋਰ ਵੀ ਸ਼ਿਦਤ ਨਾਲ ਟਾਕਰਾ ਕਰਨ ਦੀ ਗੱਲ ਆਖੀ।
ਸਭਾ ਵੱਲੋਂ ਸਦੀਵੀ ਵਿਛੋੜਾਂ ਦੇ ਗਈਆਂ ਸ਼ਖ਼ਸੀਅਤਾਂ ਡਾ. ਕਰਨੈਲ ਸਿੰਘ ਥਿੰਦ, ਡਾ. ਸੁਰਿੰਦਰ ਸਿੰਘ ਦੁਸਾਂਝ ਅਤੇ ਕੈਲਗਰੀ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਹਰਭਜਨ ਸਿੰਘ ਕਾਲਕਟ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੇਸਰ ਸਿੰਘ ਨੀਰ ਨੇ ਕਰਨੈਲ ਸਿੰਘ ਥਿੰਦ ਦੇ ਜੀਵਨ ਅਤੇ ਲਿਖਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਜਗਦੇਵ ਸਿੰਘ ਸਿੱਧੂ ਨੇ ਡਾ. ਸੁਰਿੰਦਰ ਦੋਸਾਂਝ ਦੇ ਕੀਤੇ ਕੰਮਾਂ ਤੇ ਰੋਸ਼ਨੀ ਪਾਉਦਿਆਂ ਉਨ੍ਹਾਂ ਨਾਲ ਅਪਣੀਆਂ ਯਾਦਾਂ ਦੀ ਸਾਂਝ ਪਾਈ।
ਉਪਰੰਤ ਬਚਨ ਸਿੰਘ ਗੁਰਮ ਨੇ ਆਪਣੀਆਂ ਦੋ ਕਵਿਤਾਵਾਂ ‘ਹੁੰਦਿਆਂ ਸੁੰਦਿਆਂ ਭਰੇ ਪਰਿਵਾਰਾਂ ਦੇ, ਹੋ ਗਈਆਂ ਲਾਸ਼ਾਂ ਲਾ-ਵਾਰਸ’, ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀਆਂ ਦੋ ਗ਼ਜ਼ਲਾਂ ‘ਜਿਸ ਨੇ ਗ਼ਮ ਦੇ ਸਾਗਰ ਟੁੱਭੀ ਲਾਈ ਏ ਸੋਚ, ਉਸੇ ਦੀ ਮੋਤੀ ਕੱਢ ਲਿਆਈ ਏ’, ਜਗਜੀਤ ਰਹਿਸੀ ਨੇ ਚੋਣਵੇਂ ਸ਼ਿਅਰ, ਜਰਨੈਲ ਤੱਗੜ ਨੇ ‘ਜ਼ਮੀਰ ਵੇਚ ਕੇ ਅਮੀਰ ਹੋ ਜਾਣਾ, ਇਸ ਤੋਂ ਬਿਹਤਰ ਹੈ ਫ਼ਕੀਰ ਹੋ ਜਾਣਾ’, ਤੇਜਾ ਸਿੰਘ ਥਿਆੜਾ ਨੇ ਮਹਾਨ ਕਵੀ ਧਨੀ ਰਾਮ ਚਾਤਿ੍ਰਕ ਦੀ ਕਿਸਾਨੀ ਬਾਰੇ ਬਹੁ-ਚਰਚਿਤ ਕਵਿਤਾ ਸੁਣਾਈ ‘ਜਾਂ ਇੱਕ ਕਿਸਮਤ ਦਾ ਵਲੀ ਜਾਗ ਰਿਹਾ ਕਿਰਸਾਨ’, ਡਾ. ਮਹਿੰਦਰ ਸਿੰਘ ਹੱਲ੍ਹਣ ਨੇ ਚਾਤਿ੍ਰਕ ਦੀ ਕਵਿਤਾ ‘ਰਾਧਾ ਆਖ ਮਗਰੋਂ ਕਿ੍ਰਸ਼ਨ ਕਹਿਣਗੇ ਵੇ’ ਸਰੋਤਿਆਂ ਨਾਲ ਸਾਂਝੀ ਕੀਤੀ।
ਇਕਬਾਲ ਖ਼ਾਨ ਨੇ ਆਪਣੀ ਇਕ ਕਵਿਤਾ ‘ਨਵਾਂ ਸਾਲ ਮੁਬਾਰਕ ਕਿ ਆਸ ਅਜੇ ਮਰੀ ਨਹੀਂ’, ਅਜਾਇਬ ਸਿੰਘ ਸੇਖੋਂ ਨੇ ਦੋ ਕਵਿਤਾਵਾਂ ‘ਚੱਲੀਏ ਸੇਖੋਂ ਸੱਚ ਦੇ ਰਾਹ’, ਸੁਖਵਿੰਦਰ ਤੂਰ ਨੇ ਜਗਦੇਵ ਸਿੱਧੂ ਦੀ ਨਵੀਂ ਰਚਨਾ ‘ਕਿਸਾਨ ਅੰਦੋਲਨ’ ਦੀ ਵਾਰ ਅਤੇ ਮਰਹੂਮ ਪ੍ਰੋ. ਮੋਹਨ ਸਿੰਘ ਔਜਲਾ ਦੀ ਗ਼ਜ਼ਲ ‘ਅਜੇ ਹੋਰ ਅੰਬਰ ਦੇ ਤਾਰੇ ਬੜੇ ਨੇ’ ਆਪਣੀ ਬੁਲੰਦ ਆਵਾਜ਼ ਅਤੇ ਸੁਰੀਲੇ ਸੁਰ ਵਿਚ ਪੇਸ਼ ਕੀਤੀ। ਸਰੂਪ ਸਿੰਘ ਮੰਡੇਰ ਨੇ ਦਸਮੇਸ਼ ਪਿਤਾ ਬਾਰੇ ਕਵੀਸ਼ਰੀ ਰੰਗ ਰਾਹੀਂ ਨਵੀਂ ਵੰਨਗੀ ਪਰੋਸੀ। ਜਗਦੇਵ ਸਿੰਘ ਸਿੱਧੂ ਨੇ ਲੋਕ-ਧਾਰਨਾ ਦੀਆਂ ਅਟੱਲ ਸਚਾਈਆਂ ਨੂੰ ਸੋਧ ਕੇ ਨਵੀਂ ਤਰਜ਼ ਵਿਚ ਢਾਲ ਕੇ ਪੇਸ਼ ਕੀਤੇ ‘ਮਿਲ ਜਾਣ ਜੇ ਪਲਾਂ ਦੇ ਹਾਸੇ, ਉਮਰਾਂ ਲਈ ਸਾਭ ਰੱਖੀਏ’। ਸਤਨਾਮ ਢਾਅ ਨੇ ਭਾਰਤ ਦੇਸ਼ ਦੇ ਸੁਆਰਥੀ ਲੀਡਰਾਂ ਦੀ ਅਤੇ ਲੋਕਾਂ ਦੀ ਬੇਇਫ਼ਾਕੀ ਬਾਰੇ ਯਥਾਰਥ ਦੀ ਤਸਵੀਰ ਪੇਸ਼ ਕਰਦੀ ਕਵਿਤਾ ‘ਇਹ ਹੈ ਸਰਾਂ ਮੁਸਾਫ਼ਰਾਂ ਦੀ, ਸਦਾ ਬੈਠ ਨਾ ਰਿਹਾ ਸੰਸਾਰ ਕੋਈ’ ਪੇਸ਼ ਕੀਤੀ। ਸ. ਢਾਅ ਨੇ ਅੰਤ ਵਿਚ ਤੰਦਰੁਸਤੀ ਦੀ ਕਾਮਨਾ ਕਰਦੇ ਸਾਰੇ ਸਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

Share