ਅਮਰੀਕੀ ਹਵਾਈ ਅੱਡਿਆਂ ਨੂੰ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ’ਚੋਂ ਉਭਰਨ ਲਈ ਮਿਲੇਗੀ 8 ਬਿਲੀਅਨ ਡਾਲਰ ਦੀ ਗ੍ਰਾਂਟ

120
Share

ਵਾਸ਼ਿੰਗਟਨ, 24 ਜੂਨ (ਪੰਜਾਬ ਮੇਲ)-ਅਮਰੀਕਾ ’ਚ ਮਹਾਮਾਰੀ ਦੌਰਾਨ ਲਗਾਈਆਂ ਯਾਤਰਾ ਪਾਬੰਦੀਆਂ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਨੂੰ ਆਰਥਿਕ ਪੱਖੋਂ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਲਈ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਵਿਚੋਂ ਉਭਰਨ ਲਈ ਸਰਕਾਰ ਵੱਲੋਂ ਦੇਸ਼ ਭਰ ਦੇ ਹਵਾਈ ਅੱਡਿਆਂ ਲਈ ਸਹਾਇਤਾ ਦੇ ਤੌਰ ’ਤੇ 8 ਬਿਲੀਅਨ ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ। ਜ਼ਿਆਦਾਤਰ ਪੈਸਾ ਵਪਾਰਕ ਹਵਾਈ ਸੇਵਾ ਨਾਲ ਜੁੜੇ ਵੱਡੇ ਹਵਾਈ ਅੱਡਿਆਂ ’ਤੇ ਜਾਵੇਗਾ ਅਤੇ ਉਹ ਯਾਤਰੀ ਬੋਰਡਿੰਗਾਂ ਦੀ ਗਿਣਤੀ ਦੇ ਅਧਾਰ ’ਤੇ 6.5 ਬਿਲੀਅਨ ਡਾਲਰ ਦੀ ਵੰਡ ਕਰਨਗੇ।
ਇਸਦੇ ਨਾਲ ਹੀ ਟਰਮੀਨਲਾਂ ’ਚ ਭੋਜਨ ਅਤੇ ਹੋਰ ਦੁਕਾਨਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੂੰ ਕਿਰਾਏ ਦੀ ਰਾਹਤ ਦੇਣ ਲਈ ਹੋਰ 800 ਮਿਲੀਅਨ ਡਾਲਰ ਦਿੱਤੇ ਜਾਣਗੇ। ਇਸ ਗ੍ਰਾਂਟ ਨੂੰ ਪ੍ਰਾਪਤ ਕਰਨ ਲਈ ਐੱਫ.ਏ.ਏ. ਅਨੁਸਾਰ ਹਵਾਈ ਅੱਡਿਆਂ ਨੂੰ ਘੱਟੋ-ਘੱਟ 90 ਫੀਸਦੀ ਕਾਮਿਆਂ ਨੂੰ ਰੱਖਣਾ ਜ਼ਰੂਰੀ ਹੈ। ਕਾਂਗਰਸ ਨੇ ਮਹਾਮਾਰੀ ਰਾਹਤ ਦੇ ਹਿੱਸੇ ਵਜੋਂ ਪੈਸੇ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਉੱਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਾਰਚ ਵਿਚ ਦਸਤਖ਼ਤ ਕੀਤੇ ਸਨ।
ਬਾਇਡਨ ਪ੍ਰਸ਼ਾਸਨ ਅਨੁਸਾਰ ਇਹ ਗ੍ਰਾਂਟ ਹਵਾਈ ਯਾਤਰਾ ਦੀਆਂ ਨੌਕਰੀਆਂ ਅਤੇ ਨਿਰਮਾਣ ਪ੍ਰਾਜੈਕਟਾਂ ਵਿਚ ਸਹਾਇਤਾ ਕਰੇਗੀ। ਐੱਫ.ਏ.ਏ. ਨੇ ਜਾਣਕਾਰੀ ਦਿੱਤੀ ਕਿ ਇਸ ਗ੍ਰਾਂਟ ਯੋਜਨਾ ਵਿਚ ਹੋਰਨਾਂ ਸਮੇਤ ਕਈ ਸੌ ਹਵਾਈ ਅੱਡਿਆਂ ਨੂੰ ਗ੍ਰਾਂਟ ਦੀ ਰਕਮ ਮਿਲੇਗੀ, ਜਿਸ ਵਿਚ ਸਿਆਟਲ-ਟੈਕੋਮਾ ਇੰਟਰਨੈਸ਼ਨਲ ਲਈ 175.7 ਮਿਲੀਅਨ ਡਾਲਰ, ਫਿਲਾਡੇਲਫੀਆ ਇੰਟਰਨੈਸ਼ਨਲ ਲਈ 115 ਮਿਲੀਅਨ ਡਾਲਰ, ਹੋਨੋਲੂਲੂ ਵਿਚ ਡੈਨੀਅਲ ਕੇ. ਇਨੋਏ ਇੰਟਰਨੈਸ਼ਨਲ ਲਈ 74.3 ਮਿਲੀਅਨ ਡਾਲਰ, ਸੇਂਟ ਲੂਈਸ ਲੰਬਰਟ ਇੰਟਰਨੈਸ਼ਨਲ ਲਈ 56.2 ਮਿਲੀਅਨ ਡਾਲਰ, ਉੱਤਰੀ ਕੈਰੋਲਿਨਾ ਵਿਚ ਰੈਲੇ-ਡਰਹਮ ਇੰਟਰਨੈਸ਼ਨਲ ਲਈ 50.6 ਮਿਲੀਅਨ ਡਾਲਰ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਕਾ ਵਿਚ ਲੱਗਭਗ 500 ਵਪਾਰਕ (ਕਮਰਸ਼ੀਅਲ) ਹਵਾਈ ਅੱਡੇ ਹਨ।

Share