ਅਮਰੀਕੀ ਸੰਸਦ ਵੱਲੋਂ ਗਰਮੀਆਂ ਦੌਰਾਨ ਵਿਦਿਆਰਥੀਆਂ ਨੂੰ ਮੁਫਤ ਭੋਜਨ ਜਾਰੀ ਰੱਖਣ ਸਬੰਧੀ ਬਿੱਲ ਪਾਸ

55
Share

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਮਹਾਮਾਰੀ ਦੌਰਾਨ ਸਕੂਲਾਂ ’ਚ ਵਿਦਿਆਰਥੀਆਂ ਨੂੰ ਉਪਲਬੱਧ ਕਰਾਇਆ ਜਾਣ ਵਾਲਾ ਮੁਫ਼ਤ ਭੋਜਨ ਇਸ ਸਾਲ ਗਰਮੀ ਵਿਚ ਵੀ ਜਾਰੀ ਰੱਖਣ ਸਬੰਧੀ ਇੱਕ ਬਿੱਲ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਵਿਚ ਪਾਸ ਕੀਤਾ ਗਿਆ। ਵ੍ਹਾਈਟ ਹਾਊਸ ਵਿਚ ‘ਕੀਪ ਕਿਡਜ਼ ਫੇਡ’ ਬਿੱਲ 30 ਜੂਨ ਨੂੰ ਖ਼ਤਮ ਹੋਣ ਵਾਲੇ ਬੱਚਿਆਂ ਦੇ ਪੋਸ਼ਣ ਪ੍ਰੋਗਰਾਮਾਂ ਦੇ ਨਿਯਮਾਂ ਵਿਚ ਬਦਲਾਅ ਕੀਤੇ ਜਾਣ ਤੋਂ ਪਹਿਲਾਂ ਪਾਸ ਕੀਤਾ ਗਿਆ ਹੈ।
ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਨੇ ਇੱਕ ਬਿਆਨ ਵਿਚ ਕਿਹਾ, ‘‘ਸਾਡੇ ਇਸ ਕਦਮ ਨਾਲ ਗਰਮੀਆਂ ਦੇ ਮੌਸਮ ਵਿਚ ਸਾਰੇ ਬੱਚਿਆਂ ਲਈ ਯੂਨੀਵਰਸਲ ਮੁਫ਼ਤ ਭੋਜਨ ਯਕੀਨੀ ਕਰਨ, ਸਕੂਲਾਂ ਨੂੰ ਸਪਲਾਈ ਚੇਨ ਬਰਕਰਾਰ ਰੱਖਣ ਵਿੱਚ ਮਦਦ ਕਰਨਾ ਸ਼ਾਮਲ ਹੈ।’’ ਬਿੱਲ ਰਾਸ਼ਟਰਪਤੀ ਜੋਅ ਬਾਇਡਨ ਕੋਲ ਉਨ੍ਹਾਂ ਦੇ ਦਸਤਖ਼ਤ ਲਈ ਭੇਜਿਆ ਗਿਆ ਹੈ।
ਇਸ ਬਿੱਲ ਦਾ ਉਦੇਸ਼ ਉਨ੍ਹਾਂ ਨਿਯਮਾਂ ਦਾ ਵਿਸਤਾਰ ਕਰਨਾ ਹੈ, ਜਿਨ੍ਹਾਂ ਨੂੰ ਦੇਸ਼ ਭਰ ਵਿਚ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਅਪਣਾਇਆ ਗਿਆ ਸੀ, ਤਾਂ ਜੋ ਗਰਮੀਆਂ ਵਿਚ ਭੋਜਨ ਵੰਡਣ ਵਾਲੇ ਸਥਾਨ ਲੋੜ ਅਨੁਸਾਰ ਕਿਸੇ ਵੀ ਭਾਈਚਾਰੇ ਵਿਚ ਕੰਮ ਕਰ ਸਕਣ। ਜ਼ਿਕਰਯੋਗ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਕੂਲੀ ਖਾਣਾ ਮੁਹੱਈਆ ਕਰਵਾਉਣ ਵਾਲੇ ਨਿਯਮ ਅਗਲੇ ਅਕਾਦਮਿਕ ਸਾਲ ਤੋਂ ਪਹਿਲਾਂ ਖ਼ਤਮ ਹੋ ਜਾਣੇ ਸਨ।

Share