ਅਮਰੀਕੀ ਸੰਸਦ ‘ਚ ਵਿਸਾਖੀ ਦੀ ਮਹੱਤਤਾ ਬਾਰੇ ਮਤਾ ਪੇਸ਼

147
Share

ਸਾਨ ਫਰਾਂਸਿਸਕੋ, 16 ਅਪ੍ਰੈਲ (ਪੰਜਾਬ ਮੇਲ) – ਅਮਰੀਕੀ ਸੰਸਦ ਮੈਂਬਰ ਨੇ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧ ਸਭਾ ‘ਚ ਇਕ ਪ੍ਰਸਤਾਵ ਪੇਸ਼ ਕੀਤਾ | ਸੰਸਦ ਮੈਂਬਰ ਜੌਹਨ ਗਰਮੈਂਡੀ ਨੇ ਸਦਨ ‘ਚ ਵਿਸਾਖੀ ਪ੍ਰਸਤਾਵ ਨੂੰ ਮੁੜ ਤੋਂ ਪੇਸ਼ ਕਰਨ ਦੌਰਾਨ ਕਿਹਾ ਕਿ ਇਹ ਪ੍ਰਸਤਾਵ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਨੂੰ ਸਵੀਕਾਰ ਕਰਦਾ ਹੈ | ਵਿਸਾਖੀ ਸਿੱਖਾਂ, ਹਿੰਦੂਆਂ ਅਤੇ ਬੁੱਧ ਧਰਮ ਦੇ ਲੋਕਾਂ ਲਈ ਬਸੰਤ ਦੇ ਮੌਸਮ ਦੀ ਫ਼ਸਲ ਦੀ ਕਟਾਈ ਦਾ ਤਿਉਹਾਰ ਹੈ | ਇਹ ਸਿੱਖਾਂ ਦਾ ਨਵਾਂ ਸਾਲ ਵੀ ਹੁੰਦਾ ਹੈ ਅਤੇ 1699 ‘ਚ ਗੁਰੂ ਗੋਬਿੰਦ ਸਿੰਘ ਜੀ ਵਲੋਂ ‘ਖਾਲਸਾ ਪੰਥ’ ਦੀ ਸਥਾਪਨਾ ਕੀਤੇ ਜਾਣ ਦੀ ਯਾਦ ਵੀ ਤਾਜ਼ਾ ਕਰਦਾ ਹੈ | ਕੈਲੀਫੋਰਨੀਆ ‘ਚ ਕਾਂਗਰਸ ਦੇ ਮੈਂਬਰ ਗਰਮੈਂਡੀ ਸਦਨ ਦੇ ਸਿੱਖ ਕੌਕਸ ਦੇ ਉਪ-ਮੁਖੀ ਵੀ ਹਨ | ਅਮਰੀਕੀ ਸਿੱਖਾਂ ਲਈ ਇਹ ਉਦੋਂ ਹੋਰ ਵੀ ਖਾਸ ਬਣ ਗਿਆ ਜਦੋਂ ਦੋ ਅਮਰੀਕੀ ਕਾਂਗਰਸੀ ਮੈਂਬਰਾਂ ਡੇਵਿਡ ਜੀ ਵਾਲਾਡਾਓ ਅਤੇ ਜੌਹਨ ਗਰਮੈਂਡੀ ਨੇ ਅਮਰੀਕੀ ਸੰਸਦ ਵਿਚ ਸਾਂਝਾ ਮਤਾ ਪੇਸ਼ ਕਰਕੇ ਵਿਸਾਖੀ ਨੂੰ ਇਤਿਹਾਸਕ, ਸਭਿਆਚਾਰਕ ਅਤੇ ਧਾਰਮਿਕ ਮਹੱਤਤਾ ਵਾਲੇ ਵਿਸ਼ੇਸ਼ ਤਿਓਹਾਰ ਵਜੋਂ ਮਤਾ ਮਾਨਤਾ ਦੁਆ ਕੇ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ | ਇਸ ਫ਼ੈਸਲੇ ਕਾਰਨ ਅਮਰੀਕੀ ਸਿੱਖਾਂ ‘ਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ਕਿਉਂਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਅਤੇ ਅਮੀਰ ਦੇਸ਼ ਵਲੋਂ ਸਿੱਖਾਂ ਦੇ ਮੁੱਖ ਤਿਉਹਾਰ ਵਿਸਾਖੀ ਦੀ ਮਹੱਤਤਾ ਨੂੰ ਮਾਣ ਦੇ ਕੇ ਸਮੁੱਚੀ ਦੁਨੀਆਂ ਵਿਚ ਸਿੱਖ ਭਾਈਚਾਰੇ ਦਾ ਸਿਰ ਉੱਚਾ ਕੀਤਾ ਗਿਆ ਹੈ |


Share