ਅਮਰੀਕੀ ਸੰਸਦ ’ਚ ਵਿਸਾਖੀ ਦੀ ਅਹਿਮੀਅਤ ਅਤੇ ਅੰਬੇਡਕਰ ਦੇ ਸਨਮਾਨ ਵਿਚ ਪ੍ਰਸਤਾਵ ਪੇਸ਼

63
Share

ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)-ਅਮਰੀਕੀ ਸੰਸਦ ਮੈਂਬਰ ਨੇ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧ ਸਭਾ ਵਿਚ ਇਕ ਪ੍ਰਸਤਾਵ ਪੇਸ਼ ਕੀਤਾ। ਸੰਸਦ ਮੈਂਬਰ ਜੌਹਨ ਗੈਰਾਮੰਡੀ ਨੇ ਸਦਨ ’ਚ ਵਿਸਾਖੀ ਪ੍ਰਸਤਾਵ ਨੂੰ ਮੁੜ ਤੋਂ ਪੇਸ਼ ਕਰਨ ਦੌਰਾਨ ਕਿਹਾ, ‘‘ਇਹ ਪ੍ਰਸਤਾਵ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਨੂੰ ਸਵੀਕਾਰ ਕਰਦਾ ਹੈ।’’ ਵਿਸਾਖੀ ਸਿੱਖਾਂ, ਹਿੰਦੂਆਂ ਅਤੇ ਬੁੱਧ ਧਰਮ ਦੇ ਲੋਕਾਂ ਲਈ ਬਸੰਤ ਦੇ ਮੌਸਮ ਦੀ ਫ਼ਸਲ ਦੀ ਕਟਾਈ ਦਾ ਤਿਉਹਾਰ ਹੈ। ਇਹ ਸਿੱਖਾਂ ਦਾ ਨਵਾਂ ਸਾਲ ਵੀ ਹੁੰਦਾ ਹੈ ਅਤੇ 1699 ’ਚ ਗੁਰੂ ਗੋਬਿੰਦ ਸਿੰਘ ਵੱਲੋਂ ‘ਖਾਲਸਾ ਪੰਥ’ ਦੀ ਸਥਾਪਨਾ ਕੀਤੇ ਜਾਣ ਦੀ ਯਾਦ ਵੀ ਤਾਜ਼ਾ ਕਰਦਾ ਹੈ। ਕੈਲੀਫੋਰਨੀਆ ’ਚ ਕਾਂਗਰਸ ਦੇ ਮੈਂਬਰ ਗੈਰਾਮੰਡੀ ਸਦਨ ਦੇ ਸਿੱਖ ਕੌਕਸ ਦੇ ਉਪ ਮੁਖੀ ਵੀ ਹਨ। ਉੱਥੇ ਹੀ, ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜੈਅੰਤੀ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਲਗਾਤਾਰ ਦੂਜੇ ਸਾਲ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਦਾ ਟੀਚਾ ਦੁਨੀਆਂ ਭਰ ਦੇ ਨੌਜਵਾਨ ਆਗੂਆਂ ਨੂੰ ਅੰਬੇਡਕਰ ਦੇ ਸਮਾਨਤਾ ਦੇ ਨਜ਼ਰੀਏ ਤੋਂ ਪ੍ਰੇਰਿਤ ਕਰਨਾ ਸੀ। ਪ੍ਰਤੀਨਿਧ ਸਭਾ ’ਚ ਬੁੱਧਵਾਰ ਨੂੰ ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਖੰਨਾ ਨੇ ਇਕ ਟਵੀਟ ਵਿਚ ਕਿਹਾ, ‘‘ਅੰਬੇਡਕਰ ਅਜਿਹਾ ਭਾਰਤ ਅਤੇ ਅਮਰੀਕਾ ਚਾਹੁੰਦੇ ਸਨ, ਜਿੱਥੇ ਅਸੀਂ ਸਾਰਿਆਂ ਦੇ ਮਾਣ ਦਾ ਸਨਮਾਨ ਕਰੀਏ।’’ ਉਨ੍ਹਾਂ ਕਿਹਾ, ‘‘ਅੱਜ ਮੈਂ ਡਾ. ਬੀ.ਆਰ. ਅੰਬੇਡਕਰ ਨੂੰ ਸਨਮਾਨਿਤ ਕਰਨ ਲਈ ਇਕ ਵਾਰ ਫਿਰ ਆਪਣਾ ਪ੍ਰਸਤਾਵ ਪੇਸ਼ ਕਰ ਰਿਹਾ ਹਾਂ, ਇਸ ਆਸ ’ਚ ਕਿ ਦੁਨੀਆਂ ਭਰ ਦੇ ਨੌਜਵਾਨ ਆਗੂ ਉਨ੍ਹਾਂ ਦੇ ਕੰਮ ਬਾਰੇ ਪੜ੍ਹਨਗੇ ਅਤੇ ਸਮਾਨਤਾ ਦੇ ਉਨ੍ਹਾਂ ਦੇ ਨਜ਼ਰੀਏ ਤੋਂ ਪ੍ਰੇਰਿਤ ਹੋਣਗੇ।’’

Share