ਅਮਰੀਕੀ ਸੰਸਦ ’ਚ ਐੱਚ-1ਬੀ ਵੀਜ਼ਾ ਪ੍ਰਣਾਲੀ ’ਚ ਸੁਧਾਰ ਲਈ ਸੰਸਦ ਮੈਂਬਰਾਂ ਵੱਲੋਂ ਬਿੱਲ ਪੇਸ਼

297
ਹੁਨਰਮੰਦਾਂ ਨੂੰ ਹੋਵੇਗਾ ਫਾਇਦਾ
ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਅਮਰੀਕੀ ਸੰਸਦ ’ਚ ਐੱਚ-1ਬੀ ਅਤੇ ਐੱਲ-1 ਵੀਜ਼ਾ ਪ੍ਰਣਾਲੀ ਦੇ ਸਮੁੱਚੇ ਸੁਧਾਰ ਲਈ ਸੰਸਦ ਮੈਂਬਰਾਂ ਦੇ ਦੋ-ਪੱਖੀ ਸਮੂਹ ਨੇ ਬਿੱਲ ਪੇਸ਼ ਕੀਤਾ। ਕਾਨੂੰਨਸਾਜ਼ਾਂ ਦੀ ਦਲੀਲ ਹੈ ਕਿ ਇਸ ਨਾਲ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ ਅਤੇ ਉਨ੍ਹਾਂ ਵਿਦੇਸ਼ੀ ਆਊਟਸੋਰਸਿੰਗ ਕੰਪਨੀਆਂ ’ਤੇ ਲਗਾਮ ਲੱਗੇਗੀ, ਜੋ ਇਸ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰਦੇ ਹੋਏ ਯੋਗ ਅਮਰੀਕੀਆਂ ਨੂੰ ਉੱਚ-ਹੁਨਰ ਵਾਲੀਆਂ ਨੌਕਰੀਆਂ ਤੋਂ ਵਾਂਝੇ ਰੱਖਦੇ ਹਨ।
ਐੱਚ-1ਬੀ ਵੀਜ਼ਾ ਇਕ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰਾਂ ਵਾਲੀਆਂ ਨੌਕਰੀਆਂ ਵਿਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਅਮਰੀਕਾ ਦੀਆਂ ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ੇ ’ਤੇ ਨਿਰਭਰ ਕਰਦੀਆਂ ਹਨ। ਭਾਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿਚ ਐੱਚ-1ਬੀ ਵੀਜ਼ਾ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕ ਵੀਜ਼ਾ ਹੈ। ਇਸ ਦੇ ਨਾਲ ਹੀ ਐੱਲ-1 ਵੀਜ਼ਾ ਇਕ ਗੈਰ-ਇਮੀਗ੍ਰੇਸ਼ਨ ਵੀਜ਼ਾ ਵੀ ਹੈ, ਜੋ ਕਿ ਐੱਲ-1 ਪੱਧਰ ’ਤੇ ਕੰਮ ਲਈ ਦਿੱਤਾ ਜਾਂਦਾ ਹੈ। ਇਹ ਮੁਕਾਬਲਤਨ ਥੋੜ੍ਹੇ ਸਮੇਂ ਲਈ ਵੈਧ ਹੈ।¿;
ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਐੱਚ-1ਬੀ ਅਤੇ ਐੱਲ-1 ਵੀਜ਼ਾ ਸੁਧਾਰ ਬਿੱਲ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕੇਗਾ, ਅਮਰੀਕੀ ਕਰਮਚਾਰੀਆਂ ਅਤੇ ਵੀਜ਼ਾ ਧਾਰਕਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ’ਚ ਵਧੇਰੇ ਪਾਰਦਰਸ਼ਿਤਾ ਆਵੇਗੀ। ਇਹ ਬਿੱਲ ਅਮਰੀਕੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਚੇਅਰਮੈਨ ਡਿਕ ਡਰਬਿਨ ਅਤੇ ਰੈਂਕਿੰਗ ਮੈਂਬਰ ਚੱਕ ਗ੍ਰਾਸਲੇ ਨੇ ਪੇਸ਼ ਕੀਤਾ। ਸੰਸਦ ਮੈਂਬਰ ਰਿਚਰਡ ਬਲੂਮੇਂਥਲ, ਟੌਮੀ ਟੂਬਰਵਿਲੇ, ਸ਼ੇਰੋਡ ਬ੍ਰਾਊਨ, ਬਿਲ ਹੈਗਰਟੀ ਅਤੇ ਬਰਨੀ ਨੇ ਬਿੱਲ ਨੂੰ ਸਹਿ-ਪ੍ਰਾਯੋਜਿਤ ਕੀਤਾ ਹੈ।