ਅਮਰੀਕੀ ਸੰਘੀ ਸੰਚਾਰ ਕਮਿਸ਼ਨ ਨੇ ਚੀਨੀ ਕੰਪਨੀ ਹੁਆਵੇ ਤੇ ਜ਼ੈੱਡ.ਟੀ.ਈ. ਨੂੰ ਦੇਸ਼ ਦੀ ਸੁਰੱਖਿਆ ਲਈ ਦੱਸਿਆ ਖ਼ਤਰਨਾਕ

40
Share

ਵਾਸ਼ਿੰਗਟਨ, 2 ਜੁਲਾਈ (ਪੰਜਾਬ ਮੇਲ)-ਅਮਰੀਕਾ ਦੇ ਸੰਘੀ ਸੰਚਾਰ ਕਮਿਸ਼ਨ (ਐੱਫ. ਸੀ. ਸੀ.) ਨੇ ਮੰਗਲਵਾਰ ਨੂੰ ਰਸਮੀ ਤੌਰ ‘ਤੇ ਚੀਨ ਦੀ ਕੰਪਨੀ ਹੁਆਵੇ ਤੇ ਜ਼ੈੱਡ.ਟੀ.ਈ. ਕਾਰਪ ਨੂੰ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਦਿਆਂ ਇਨ੍ਹਾਂ ਨਾਲ ਕਿਸੇ ਤਰ੍ਹਾਂ ਦੇ ਕਾਰੋਬਾਰ ‘ਤੇ ਪਾਬੰਦੀ ਲਾ ਦਿੱਤੀ ਹੈ। ਕਮਿਸ਼ਨ ਦੇ ਇਸ ਸਖ਼ਤ ਕਦਮ ਤੋਂ ਬਾਅਦ ਅਮਰੀਕੀ ਕੰਪਨੀਆਂ ਲਈ ਇਨ੍ਹਾਂ ਚੀਨੀ ਕੰਪਨੀਆਂ ਦੇ ਉਪਕਰਨ ਹਾਸਲ ਕਰਨੇ ਅਸੰਭਵ ਹੋ ਜਾਣਗੇ। ਅਮਰੀਕੀ ਕੰਪਨੀਆਂ ਸਰਕਾਰ ਤੋਂ ਮਿਲੇ 8.3 ਅਰਬ ਡਾਲਰ ਨਾਲ ਪੇਂਡੂ ਇਲਾਕਿਆਂ ਦੇ ਸੰਚਾਰ ਨੈੱਟਵਰਕ ਨੂੰ ਦਰੁਸਤ ਕਰਨ ਲਈ ਚੀਨੀ ਕੰਪਨੀਆਂ ਤੋਂ ਉਪਕਰਨ ਹਾਸਲ ਕਰਨ ਲਈ ਉਤਾਰੂ ਸਨ।
ਦਰਅਸਲ ਅਮਰੀਕੀ ਦੂਰਸੰਚਾਰ ਰੈਗੂਲੇਟਰ ਨੇ ਨਵੰਬਰ ‘ਚ 5-0 ਦੇ ਬਹੁਮਤ ‘ਚ ਕਿਹਾ ਸੀ ਕਿ ਮੌਜੂਦਾ ਪੇਂਡੂ ਸਿਸਟਮ ‘ਚ ਪੁਰਾਣੇ ਉਪਕਰਨ ਬਦਲਣ ਲਈ ਉਹ ਦੋ ਚੀਨੀ ਕੰਪਨੀਆਂ ਨੂੰ ਆਗਿਆ ਨਹੀਂ ਦੇ ਸਕਦੇ। ਐੱਫ. ਸੀ. ਸੀ. ਦੇ ਮੁਖੀ ਅਜੀਤ ਪਈ ਨੇ ਕਿਹਾ ਕਿ ਅਸੀਂ ਚੀਨੀ ਕਮਿਊਨਿਸਟ ਪਾਰਟੀ ਨੂੰ ਆਪਣੇ ਨੈੱਟਵਰਕ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਦੀ ਨਾ ਆਗਿਆ ਦੇ ਸਕਦੇ ਹਾਂ, ਨਾ ਹੀ ਦਿਆਂਗੇ। ਹੁਆਵੇ ਤੇ ਜ਼ੈੱਡ. ਟੀ. ਈ. ਨੇ ਹਾਲੇ ਤਕ ਇਸ ਮਾਮਲੇ ‘ਚ ਕੋਈ ਬਿਆਨ ਨਹੀਂ ਦਿੱਤਾ, ਹਾਲਾਂਕਿ ਇਹ ਦੋਵੇਂ ਪਹਿਲਾਂ ਸਰਕਾਰ ਦੇ ਰਵੱਈਏ ਦੀ ਆਲੋਚਨਾ ਕਰਦੀਆਂ ਰਹੀਆਂ ਹਨ।
ਐੱਫ. ਸੀ. ਸੀ. ਦੇ ਕਮਿਸ਼ਨ ਜੈਫਰੀ ਸਟਾਕਰਸ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਨੈੱਟਵਰਕ ‘ਚ ਗ਼ੈਰ-ਭਰੋਸੇਯੋਗ ਉਪਕਰਨ ਕਾਇਮ ਹਨ। ਇਨ੍ਹਾਂ ਨੂੰ ਹਟਾਉਣ ਲਈ ਅਮਰੀਕੀ ਕਾਂਗਰਸ ਨੂੰ ਪੈਸੇ ਅਲਾਟ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਈ 2019 ‘ਚ ਇਕ ਕਾਰਜਕਾਰੀ ਹੁਕਮ ‘ਚ ਦੋਵਾਂ ਚੀਨੀ ਕੰਪਨੀਆਂ ਦੇ ਬਣਾਏ ਉਪਕਰਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਅਮਰੀਕੀ ਕੰਪਨੀਆਂ ਤੋਂ ਉਪਕਰਨ ਖ਼ਰੀਦਣ ‘ਤੇ ਰੋਕ ਲਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਨੇ ਉਸ ਸਾਲ ਹੁਆਵੇ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਸੀ।


Share