ਅਮਰੀਕੀ ਸੈਨੇਟ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮਹਾਦੋਸ਼ ਤੋਂ ਕੀਤਾ ਬਰੀ

410
Share

-ਕੈਪੀਟਲ ਹਿਲ ’ਚ ਹਿੰਸਾ ਭੜਕਾਉਣ ਦੇ ਲੱਗੇ ਸਨ ਦੋਸ਼
ਵਾਸ਼ਿੰਗਟਨ, 14 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਸੈਨੇਟ ਨੇ ਕੈਪੀਟਲ (ਸੰਸਦ ਭਵਨ) ਵਿਚ 6 ਜਨਵਰੀ ਨੂੰ ਹੋਈ ਹਿੰਸਾ ਭੜਕਾਉਣ ਦੇ ਦੋਸ਼ਾਂ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਰੀ ਕਰ ਦਿੱਤਾ। ਟਰੰਪ ਖ਼ਿਲਾਫ਼ ਚਾਰ ਦਿਨ ਦੀ ਸੁਣਵਾਈ ਮਗਰੋਂ 100 ਮੈਂਬਰੀ ਸੈਨੇਟ ਨੇ ਮਹਾਦੋਸ਼ ਦੇ ਪੱਖ ਵਿਚ 57 ਵੋਟ ਅਤੇ ਇਸ ਦੇ ਵਿਰੋਧ ਵਿਚ 43 ਵੋਟ ਦਿੱਤੇ। ਟਰੰਪ ਨੂੰ ਦੋਸ਼ੀ ਸਾਬਤ ਕਰਨ ਲਈ 10 ਹੋਰ ਵੋਟਾਂ ਦੀ ਲੋੜ ਸੀ।
ਟਰੰਪ ’ਤੇ ਦੋਸ਼ ਸੀ ਕਿ ਅਮਰੀਕੀ ਕੈਪੀਟਲ ’ਚ 6 ਜਨਵਰੀ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਜਿਹੜੀ ਹਿੰਸਾ ਕੀਤੀ ਸੀ, ਉਸ ਨੂੰ ਉਨ੍ਹਾਂ ਨੇ ਭੜਕਾਇਆ ਸੀ। ਰਿਪਬਲਿਕਨ ਪਾਰਟੀ ਦੇ 7 ਸੈਨੇਟਰਾਂ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਸਮਰਥਨ ’ਚ ਵੋਟਿੰਗ ਕੀਤੀ ਪਰ ਡੈਮੋਕ੍ਰੈਟਿਕ ਪਾਰਟੀ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ 67 ਵੋਟ ਹਾਸਲ ਨਹੀਂ ਕਰ ਪਾਈ। ਸੈਨੇਟ ’ਚ ਡੈਮੋਕ੍ਰੈਟਿਕ ਪਾਰਟੀ ਦੇ 50 ਮੈਂਬਰ ਹਨ। ਟਰੰਪ ਅਮਰੀਕੀ ਇਤਿਹਾਸ ’ਚ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਖ਼ਿਲਾਫ਼ ਦੋ ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਹ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਦਫਤਰ ਛੱਡਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕੀਤਾ ਹੈ।

Share