ਅਮਰੀਕੀ ਸੈਨੇਟਰ ਵੱਲੋਂ ਨੈਸ਼ਨਲ ਪਾਰਕਾਂ ‘ਚ ਦਾਖਲੇ ਸਮੇਂ ਵਿਦੇਸ਼ੀ ਨਾਗਰਿਕਾਂ ਤੋਂ ਵਾਧੂ ਫੀਸ ਲੈਣ ਦਾ ਮਤਾ ਪੇਸ਼

834
Share

ਵਾਸ਼ਿੰਗਟਨ, 26 ਜੂਨ (ਪੰਜਾਬ ਮੇਲ)-ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੈਨੇਟਰ (ਸੰਸਦ ਮੈਂਬਰ) ਨੇ ਅਮਰੀਕੀ ਨੈਸ਼ਨਲ ਪਾਰਕਾਂ ਵਿਚ ਦਾਖ਼ਲੇ ਲਈ ਵਿਦੇਸ਼ੀ ਨਾਗਰਿਕਾਂ ਤੋਂ 16-25 ਡਾਲਰ (ਕਰੀਬ 1200-1900 ਰੁਪਏ) ਦੀ ਵਾਧੂ ਫੀਸ ਲਏ ਜਾਣ ਦਾ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਤਰਕ ਦਿੱਤਾ ਹੈ ਕਿ ਭਾਰਤ ਸਥਿਤ ਤਾਜ ਮਹਿਲ ਵਿਚ ਦਾਖ਼ਲੇ ਲਈ ਵੀ ਵਿਦੇਸ਼ੀਆਂ ਤੋਂ ਵਾਧੂ ਫੀਸ ਲਈ ਜਾਂਦੀ ਹੈ।
ਸੈਨੇਟਰ ਮਾਈਕ ਐਂਜੀ ਨੇ ਗ੍ਰੇਟ ਅਮਰੀਕਨ ਆਊਟਡੋਰ ਐਕਟ ਵਿਚ ਸੋਧ ਦਾ ਮਤਾ ਪੇਸ਼ ਕੀਤਾ ਹੈ ਜਿਸ ਦਾ ਉਦੇਸ਼ ਅਮਰੀਕਾ ਦੀਆਂ ਸਿਖਰਲੀਆਂ ਯਾਦਗਾਰਾਂ ਅਤੇ ਨੈਸ਼ਨਲ ਪਾਰਕਾਂ ਦਾ ਨਵੀਨੀਕਰਨ ਅਤੇ ਮੁਰੰਮਤ ਆਦਿ ਕੰਮ ਕਰਵਾਉਣ ਲਈ ਪੈਸਾ ਜੁਟਾਉਣਾ ਹੈ। ਨੈਸ਼ਨਲ ਪਾਰਕ ਸਰਵਿਸ ਮੁਤਾਬਕ, ਪਾਰਕਾਂ ਦੀ ਮੁਰੰਮਤ ਦਾ ਕੰਮ ਪੂਰਾ ਕਰਨ ਲਈ 12 ਬਿਲੀਅਨ ਡਾਲਰ (ਕਰੀਬ 900 ਅਰਬ ਰੁਪਏ) ਦੀ ਲੋੜ ਹੈ। ਪਿਛਲੇ ਸਾਲ ਦੇ ਮੁਕਾਬਲੇ ਨੈਸ਼ਨਲ ਪਾਰਕ ਸਰਵਿਸ ਦਾ ਬਜਟ ਇਸ ਵਾਰ 4.1 ਬਿਲੀਅਨ ਡਾਲਰ ਸੀ। ਸੈਨੇਟਰ ਨੇ ਕਿਹਾ ਕਿ ਕਾਨੂੰਨ ਵਿਚ ਸੋਧ ਹੀ ਇਸ ਸਮੱਸਿਆ ਦਾ ਸਥਾਈ ਹੱਲ ਹੈ। ਐਂਜੀ ਨੇ ਕਿਹਾ, ”ਦੇਸ਼ ਵਿਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿਚ ਇਜ਼ਾਫਾ ਹੋ ਰਿਹਾ ਹੈ। ਉਨ੍ਹਾਂ ਤੋਂ ਅਮਰੀਕਾ ਵਿਚ ਦਾਖ਼ਲੇ ਦੇ ਸਮੇਂ ਹੀ 16-25 ਡਾਲਰ ਦੀ ਫੀਸ ਲੈ ਲਈ ਜਾਵੇ।”
ਯੂ.ਐੱਸ. ਟ੍ਰੈਵਲ ਐਸੋਸੀਏਸ਼ਨ ਮੁਤਾਬਕ, ਅਮਰੀਕਾ ਆਉਣ ਵਾਲੇ ਕਰੀਬ 40 ਫ਼ੀਸਦੀ ਵਿਦੇਸ਼ੀ ਘੱਟੋ-ਘੱਟ ਇਕ ਨੈਸ਼ਨਲ ਪਾਰਕ ਵਿਚ ਜ਼ਰੂਰ ਜਾਂਦੇ ਹਨ। ਸੈਨੇਟਰ ਮਾਈਕ ਐਂਜੀ ਨੇ ਮਿਸਾਲ ਦਿੰਦੇ ਹੋਏ ਕਿਹਾ, ”ਵਿਦੇਸ਼ੀਆਂ ਨੂੰ ਤਾਜ ਮਹਿਲ ਵਿਚ ਜਾਣ ਲਈ 18 ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ, ਜਦਕਿ ਸਥਾਨਕ ਲੋਕਾਂ ਨੂੰ ਮਹਿਜ਼ 56 ਸੇਂਟ ਦੇਣੇ ਹੁੰਦੇ ਹਨ। ਇਸੇ ਤਰ੍ਹਾਂ ਦੱਖਣੀ ਅਫਰੀਕਾ ਦੇ ਕ੍ਰੂਗਰ ਨੈਸ਼ਨਲ ਪਾਰਕ ਵਿਚ ਵਿਦੇਸ਼ੀਆਂ ਤੋਂ 25 ਡਾਲਰ, ਜਦਕਿ ਸਥਾਨਕ ਤੋਂ 6.25 ਡਾਲਰ ਲਏ ਜਾਂਦੇ ਹਨ।” ਐਂਜੀ ਨੇ ਪਾਰਕਾਂ ਦੀ ਘਰੇਲੂ ਫੀਸ ਵਿਚ ਵੀ ਵਾਧੇ ਦਾ ਮਤਾ ਰੱਖਿਆ ਹੈ।


Share