ਅਮਰੀਕੀ ਸੈਨੇਟਰ ਬਰਨੀ ਸੈਂਡਰਜ਼ ਵੱਲੋਂ ਨਵਾਡਾ ਡੈਮੋਕ੍ਰੈਟਿਕ ਕੌਕਸ ‘ਚ ਜਿੱਤ ਹਾਸਲ

880

ਵਾਸ਼ਿੰਗਟਨ, 26 ਫਰਵਰੀ (ਪੰਜਾਬ ਮੇਲ)-ਅਮਰੀਕੀ ਸੈਨੇਟਰ ਬਰਨੀ ਸੈਂਡਰਜ਼ ਐਤਵਾਰ ਨੂੰ ਅਹਿਮ ਨਵਾਡਾ ਕੌਕਸ ੦ਚ ਪ੍ਰਭਾਵਸ਼ਾਲੀ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੇ। ਇਸ ਜਿੱਤ ਨਾਲ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦੀ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਦਾਅਵੇਦਾਰੀ ਨੂੰ ਮਜ਼ਬੂਤੀ ਮਿਲੇਗੀ।
ਅਮਰੀਕੀ ਮੀਡੀਆ ਵੱਲੋਂ ਪ੍ਰਾਇਮਰੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੇ ਸੈਂਡਰਜ਼ ਨੂੰ ਨਵਾਡਾ ਕੌਕਸ ਦਾ ਜੇਤੂ ਐਲਾਨਿਆ ਗਿਆ। ਆਖ਼ਰੀ ਰਿਪੋਰਟ ਆਉਣ ਤੱਕ ਸੈਂਡਰਜ਼ ਅੱਧੇ ਤੋਂ ਜ਼ਿਆਦਾ ਵੋਟਾਂ ਹਾਸਲ ਕਰ ਚੁੱਕੇ ਸਨ, ਜਦੋਂਕਿ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ 19 ਫ਼ੀਸਦੀ ਵੋਟਾਂ ਨਾਲ ਪਿੱਛੇ ਸਨ। ਸੈਂਡਰਜ਼ ਨੇ ਟਵੀਟ ਕੀਤਾ, ”ਬਰੇਕਿੰਗ: ਅਸੀਂ ਨਵਾਡਾ ਜਿੱਤ ਲਿਆ। ਅਸੀਂ ਬੇਮਿਸਾਲ ਜ਼ਮੀਨੀ ਅੰਦੋਲਨ ਤਿਆਰ ਕਰ ਰਹੇ ਹਾਂ ਅਤੇ ਅਜਿਹਾ ਕੁਝ ਨਹੀਂ ਹੈ, ਜੋ ਅਸੀਂ ਮਿਲ ਕੇ ਹਾਸਲ ਨਹੀਂ ਕਰ ਸਕਦੇ।” ਇਸੇ ਤਰ੍ਹਾਂ ਸੈਂਡਰਜ਼ ਦੀ ਚੋਣ ਮੁਹਿੰਮ ਦੇ ਮੈਨੇਜਰ ਫ਼ੈਜ਼ ਸ਼ਾਕਿਰ ਨੇ ਕਿਹਾ, ”ਅਸੀਂ ਇਹ ਕਰ ਦਿਖਾਇਆ। ਅਸੀਂ ਨਵਾਡਾ ਕੌਕਸ ‘ਚ ਵੱਡੀ ਜਿੱਤ ਹਾਸਲ ਕੀਤੀ।” ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰ ਕੇ ਸੈਂਡਰਜ਼ ਨੂੰ ਜਿੱਤਣ ਦੀ ਵਧਾਈ ਦਿੱਤੀ। ਸ਼੍ਰੀ ਟਰੰਪ ਨੇ ਟਵੀਟ ਕੀਤਾ, ”ਸਨਕੀ ਦਿਖਦਾ ਬਰਨੀ ਨਵਾਡਾ ਵਿਚ ਵਧੀਆ ਕਰ ਰਿਹਾ ਹੈ ਤੇ ਬਾਕੀ ਕਮਜ਼ੋਰ ਦਿਖ ਰਹੇ ਹਨ ਅਤੇ ਰਾਸ਼ਟਰਪਤੀ ਵਾਦ-ਵਿਵਾਦ ਦੇ ਇਤਿਹਾਸ ਵਿਚ ਸਭ ਤੋਂ ਮਾੜੀ ਕਾਰਗੁਜ਼ਾਰੀ ਦਿਖਾਉਣ ਤੋਂ ਬਾਅਦ ਮਿੰਨੀ ਮਾਈਕ ਦੇ ਮੁੜ ਮੁਹਿੰਮ ਸ਼ੁਰੂ ਕਰ ਸਕਣ ਦੀ ਕੋਈ ਸੰਭਾਵਨਾ ਨਹੀਂ ਹੈ।” ਟਰੰਪ ਨੇ ਟਵੀਟ ਕੀਤਾ, ”ਬਰਨੀ ਵਧਾਈਆਂ ਅਤੇ ਉਨ੍ਹਾਂ ਨੂੰ ਆਪਣੇ ਕੋਲੋਂ ਇਹ ਖੋਹਣ ਨਾ ਦਿਓ।”