ਅਮਰੀਕੀ ਸੈਨੇਟਰਾਂ ਵੱਲੋਂ ਐੱਚ-1ਬੀ ਸਮੇਤ ਹੋਰ ਅਸਥਾਈ ਵੀਜ਼ਾ ਰੱਦ ਕਰਨ ਦੀ ਅਪੀਲ

828

ਵਾਸ਼ਿੰਗਟਨ, 8 ਮਈ (ਪੰਜਾਬ ਮੇਲ)- ਰੀਪਬਲਿਕਨ ਪਾਰਟੀ ਦੇ ਸੀਨੀਅਰ ਸਾਂਸਦਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐੱਚ-1ਬੀ ਵੀਜ਼ਾ ਸਮੇਤ ਕੰਟਰੈਕਟ ਵਰਕਰਾਂ ਨੂੰ ਦਿੱਤੇ ਜਾਣ ਵਾਲੇ ਅਸਥਾਈ ਵੀਜ਼ਾ (ਗੈਸਟ ਵਰਕਰ) ਨੂੰ ਬੇਰੋਜ਼ਗਾਰੀ ਦਰ ਸਾਧਾਰਨ ਹੋਣ ਤੱਕ ਰੱਦ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਦੇ ਕਾਰਨ ਬੇਰੋਜ਼ਗਾਰੀ ਦਰ ਰਿਕਾਰਡ ਪੱਧਰ ‘ਤੇ ਹੈ। ਟਰੰਪ ਨੂੰ ਦਿੱਤੀ ਗਈ ਇਸ ਚਿੱਠੀ ‘ਤੇ ਸੈਨੇਟਰ ਟੇਡ ਕਰੂਜ਼, ਟੌਮ ਕੌਟਨ, ਚੱਕਰ ਗ੍ਰਾਸਲੀ ਅਤੇ ਜੋਸ਼ ਹਾਵਲੀ ਨੇ ਦਸਤਖਤ ਕੀਤੇ ਹਨ।
ਉਹਨਾਂ ਨੇ ਰਾਸ਼ਟਰਪਤੀ ਨੂੰ ਦਿੱਤੀ ਆਪਣੀ ਚਿੱਠੀ ਵਿਚ ਕਿਹਾ, ”ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 3.3 ਕਰੋੜ ਤੋਂ ਵਧੇਰੇ ਅਮਰੀਕੀਆਂ ਨੇ ਮਾਰਚ ਦੇ ਮੱਧ ਤੋਂ ਲੈ ਕੇ ਹੁਣ ਤੱਕ ਬੇਰੋਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਹੈ।” 7 ਮਈ ਨੂੰ ਲਿਖੀ ਇਸ ਚਿੱਠੀ ਵਿਚ ਅਗਲੇ 60 ਦਿਨਾਂ ਦੇ ਲਈ ਸਾਰੇ ਗੈਰ-ਪ੍ਰਵਾਸੀ ਗੈਸਟ ਵਰਕਰ ਵੀਜ਼ਾ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਨਵੇਂ ਗੈਰ-ਪ੍ਰਵਾਸੀ ਗੈਸਟ ਵਰਕਰ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਲਈ ਇਕ ਸਾਲ ਜਾਂ ਫਿਰ ਰਾਸ਼ਟਰ ਪੱਧਰੀ ਬੇਰੋਜ਼ਗਾਰੀ ਦਰ ਦੇ ਸਧਾਰਨ ਹੋਣ ਤੱਕ ਰੱਦ ਦੀ ਅਪੀਲ ਕੀਤੀ ਗਈ ਹੈ। ਸਾਂਸਦਾਂ ਨੇ ਕਿਹਾ, ”ਆਰਥਿਕ ਬਹਾਲੀ ਦੇ ਸ਼ੁਰੂਆਤੀ ਪੜਾਅ ਵਿਚ ਬੇਰੋਜ਼ਗਾਰ ਅਮਰੀਕੀਆਂ ਦੀ ਰੱਖਿਆ ਕਰਨ ਲਈ ਅਸੀਂ ਤੁਹਾਨੂੰ ਅਗਲੇ 60 ਦਿਨਾਂ ਦੇ ਲਈ ਸਾਰੇ ਗੈਰ-ਪ੍ਰਵਾਸੀ ਗੈਸਟ ਵਰਕਰ ਵੀਜ਼ਾ ਰੱਦ ਕਰਨ ਦੀ ਅਪੀਲ ਕਰਦੇ ਹਾਂ।”