ਅਮਰੀਕੀ ਸੈਨਾ ਨੇ ਸਹਿਮਤੀ ਤੋਂ ਬਿਨਾਂ ਭਾਰਤੀ ਪਾਣੀਆਂ ’ਚ ਚਲਾਈ ਮੁਹਿੰਮ

146
Share

ਵਾਸ਼ਿੰਗਟਨ, 10 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਜਲ ਸੈਨਾ ਨੇ ਅਗਾਊਂ ਭਾਰਤ ਦੀ ਸਹਿਮਤੀ ਲਏ ਬਿਨਾਂ ਭਾਰਤੀ ਜਲ ਖੇਤਰ ’ਚ ਸਮੁੰਦਰੀ ਜਹਾਜ਼ਾਂ ਦੀ ਆਜ਼ਾਦ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਹਿੰਮ ਅਮਰੀਕੀ ਸੈਨਾ ਵੱਲੋਂ ਲਕਸ਼ਦੀਪ ਦੀਪ ਸਮੂਹ ਨੇੜੇ ਸ਼ੁਰੂ ਕੀਤੀ ਹੈ। ਅਮਰੀਕੀ ਜਲ ਸੈਨਾ ਦੀ ਸੱਤਵੀਂ ਫਲੀਟ ਦੇ ਕਮਾਂਡਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਜ਼ਾਈਲ ਡੇਗਣ ਦੀ ਸਮਰੱਥਾ ਰੱਖਦੇ ਯੂਐੱਸਐੱਸ ਜੌਹਨ ਪੌਲ ਜੋਨਸ ਜ਼ਰੀਏ ਇਹ ਮੁਹਿੰਮ ਆਰੰਭੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ‘ਸੱਤ ਅਪਰੈਲ, 2021 ਨੂੰ ਯੂਐੱਸਐੱਸ ਜੌਹਨ ਪੌਲ ਜੋਨਸ ਨੇ ਭਾਰਤ ਦੀ ਸਹਿਮਤੀ ਬਿਨਾਂ ਕੌਮਾਂਤਰੀ ਕਾਨੂੰਨ ਤਹਿਤ ਉਸ ਦੇ ਵਿਸ਼ੇਸ਼ ਆਰਥਿਕ ਖੇਤਰ ਲਕਸ਼ਦੀਪ ਦੀਪਸਮੂਹ ਦੇ ਪੱਛਮ ਵਿਚ ਲਗਭਗ 130 ਸਮੁੰਦਰੀ ਮੀਲ ਦੂਰ ਸਮੁੰਦਰੀ ਆਵਾਜਾਈ ਅਧਿਕਾਰ ਤੇ ਸੁਤੰਤਰਤਾ ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ਜਾਂ ਉਪ ਮਹਾਦੀਪ ਖੇਤਰ ਵਿਚ ਫ਼ੌਜੀ ਅਭਿਆਸ ਜਾਂ ਮੁਹਿੰਮ ਲਈ ਮੁਲਕ ਤੋਂ ਪਹਿਲਾਂ ਪ੍ਰਵਾਨਗੀ ਜਾਂ ਸਹਿਮਤੀ ਲੈਣੀ ਪੈਂਦੀ ਹੈ। ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਹਿੰਮ ਕੌਮਾਂਤਰੀ ਕਾਨੂੰਨਾਂ ਤਹਿਤ ਹੀ ਹੈ। 


Share