ਅਮਰੀਕੀ ਸੈਨਾ ਦੇ ਸਾਬਕਾ ਮੈਂਬਰ ਵੱਲੋਂ ਰੂਸੀ ਖੁਫੀਆ ਸੰਚਾਲਕਾਂ ਲਈ ਜਾਸੂਸੀ ਦਾ ਦੋਸ਼ ਕਬੂਲ

545
Share

ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)-ਅਮਰੀਕੀ ਸੈਨਾ ਦੇ ਵਿਸ਼ੇਸ਼ ਬਲ ਦੇ ਇਕ ਸਾਬਕਾ ਮੈਂਬਰ ਨੇ ਰੂਸੀ ਖੁਫੀਆ ਸੰਚਾਲਕਾਂ ਨਾਲ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਅਮਰੀਕੀ ਨਿਆਂ ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਅਮਰੀਕੀ ਸੈਨਾ ਦੇ ਇਕ ਸਾਬਕਾ ਮੈਂਬਰ, 43 ਸਾਲਾ ਪੀਟਰ ਰਾਫੇਲ ਡਿਜਿਬਿਨਸਕੀ ਡੈਬਿਨਸ ਨੇ ਦਸੰਬਰ 1996 ਤੋਂ ਲੈ ਕੇ ਜਨਵਰੀ 2011 ਤੱਕ ਰੂਸੀ ਖੁਫੀਆ ਸੇਵਾ ਦੇ ਏਜੰਟਾਂ ਨਾਲ ਸਾਜ਼ਿਸ਼ ਰਚੀ ਸੀ। ਉਸ ਮਿਆਦ ਦੇ ਦੌਰਾਨ ਡੈਬਿਨਸ ਨੇ ਸਮੇਂ-ਸਮੇਂ ‘ਤੇ ਰੂਸ ਦਾ ਦੌਰਾ ਕੀਤਾ ਅਤੇ ਰੂਸੀ ਖੁਫੀਆ ਏਜੰਟਾਂ ਨਾਲ ਮੁਲਾਕਾਤ ਕੀਤੀ।
1997 ਵਿਚ ਉਨ੍ਹਾਂ ਨੂੰ ਰੂਸੀ ਖੁਫੀਆ ਏਜੰਟਾਂ ਨੇ ਇਕ ਕੋਡ ਨਾਂ ਦਿੱਤਾ ਸੀ ਅਤੇ ਉਨ੍ਹਾਂ ਨੇ ਇਕ ਬਿਆਨ ‘ਤੇ ਦਸਤਖਤ ਕੀਤੇ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਰੂਸ ਦੀ ਸੇਵਾ ਕਰਨਾ ਚਾਹੁੰਦੇ ਹਨ। ਅਦਾਲਤ ਦੇ ਸਾਹਮਣੇ ਰੱਖੇ ਗਏ ਦਸਤਾਵੇਜ਼ਾਂ ਮੁਤਾਬਕ, ਸਾਜ਼ਿਸ਼ ਦੌਰਾਨ ਡੈਬਿਨਸ ਨੇ ਰੂਸੀ ਖੁਫੀਆ ਏਜੰਟਾਂ ਨੂੰ ਇਹ ਸਭ ਜਾਣਕਾਰੀ ਪ੍ਰਦਾਨ ਕੀਤੀ, ਜੋ ਉਨ੍ਹਾਂ ਨੂੰ ਅਮਰੀਕੀ ਸੈਨਾ ਦੇ ਇਕ ਮੈਂਬਰ ਦੇ ਰੂਪ ਵਿਚ ਹਾਸਲ ਕੀਤੀ ਸੀ। ਉਨ੍ਹਾਂ ਨੇ ਆਪਣੇ ਰਸਾਇਣਿਕ ਅਤੇ ਵਿਸ਼ੇਸ਼ ਬਲਾਂ ਦੀਆਂ ਇਕਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ। 2008 ‘ਚ ਸਰਗਰਮ ਸੇਵਾ ਤੋਂ ਨਿਕਲਣ ਤੋਂ ਬਾਅਦ ਡੈਬਿਨਸ ਨੇ ਰੂਸੀ ਖੁਫੀਆ ਏਜੰਟਾਂ ਨੂੰ ਵਿਸ਼ੇਸ਼ ਬਲਾਂ ਨਾਲ ਕੰਮ ਕਰਨ ਦੌਰਾਨ ਦੀ ਆਪਣੀ ਪਿਛਲੀ ਗਤੀਵਿਧੀਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ।
ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਕਿ ਡੈਬਿਨਸ ਨੇ ਆਪਣੇ ਸਾਬਕਾ ਵਿਸ਼ੇਸ਼ ਬਲ ਟੀਮ ਦੇ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਨਾਂ ਵੀ ਦੱਸੇ, ਤਾਂ ਜੋ ਰੂਸੀ ਏਜੰਟ ਇਹ ਪਤਾ ਲਾ ਸਕਣ ਕਿ ਉਹ ਕਿਹੜੇ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ, ਜੋ ਰੂਸੀ ਖੁਫੀਆ ਸੇਵਾ ਨਾਲ ਸਹਿਯੋਗ ਕਰਨ। ਰਾਸ਼ਟਰੀ ਸੁਰੱਖਿਆ ਲਈ ਸਹਾਇਕ ਅਟਾਰਨੀ ਜਨਰਲ ਜੌਨ ਡਿਮਰਸ ਨੇ ਕਿਹਾ, ”ਡੈਬਿਨਸ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਰੂਸ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦੇ ਕੇ ਇਸ ਦੇਸ਼ ਦੇ ਸਰਵਉੱਚ ਵਿਸ਼ਵਾਸ ਨੂੰ ਤੋੜਿਆ ਹੈ।”
ਉਨ੍ਹਾਂ ਨੇ ਕਿਹਾ, ”ਡੈਬਿਨਸ ਨੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਅਤੇ ਰੂਸ ਦੀ ਮਦਦ ਕਰਨ ਦੇ ਇਰਾਦੇ ਨਾਲ ਆਪਣੀ ਸਹੁੰ ਨੂੰ ਤੋੜਿਆ ਹੈ। ਆਪਣੇ ਦੇਸ਼ ਅਤੇ ਵਿਸ਼ੇਸ਼ ਸੁਰੱਖਿਆ ਬਲ ਦੀ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਧੋਖਾ ਕੀਤਾ ਹੈ।” ਉਨ੍ਹਾਂ ਨੇ ਕਿਹਾ, ”ਡੈਬਿਨਸ ਦਾ ਕਬੂਲਨਾਮਾ ਰੂਸ ਸਮੇਤ ਸਾਡੇ ਵਿਰੋਧੀਆਂ ਵੱਲੋਂ ਪੈਦਾ ਰਾਸ਼ਟਰੀ ਸੁਰੱਖਿਆ ਖਤਰੇ ਦਾ ਮੁਕਾਬਲਾ ਕਰਨ ਦੇ ਲਈ ਵਿਭਾਗ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚ ਇਕ ਹੋਰ ਅਸਫਲਤਾ ਨੂੰ ਦਰਸਾਉਂਦਾ ਹੈ।” ਡੈਬਿਨਸ ਨੂੰ 26 ਫਰਵਰੀ, 2021 ਨੂੰ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਨੂੰ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।


Share