ਅਮਰੀਕੀ-ਸਿੱਖ ਦੁਕਾਨ ਮਾਲਕ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਰੁੱਧ ਨਫਰਤੀ ਅਪਰਾਧ ਦੇ ਲੱਗਣਗੇ ਦੋਸ਼

768
Share

ਵਾਸ਼ਿੰਗਟਨ, 29 ਜੁਲਾਈ (ਰਾਜ ਗੋਗਨਾ/ ਪੰਜਾਬ ਮੇਲ)- ਅਪ੍ਰੈਲ ਮਹੀਨੇ ਇਕ ਅਮਰੀਕੀ-ਸਿੱਖ ਦੁਕਾਨ ਮਾਲਕ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਉਸ ਨੂੰ ‘ਆਪਣੇ ਦੇਸ਼ ਚਲੇ ਜਾਓ’ ਕਹਿਣ ਵਾਲੇ ਵਿਅਕਤੀ ਵਿਰੁੱਧ ਕੋਲਰਾਡੋ ਸੂਬੇ ਦੇ ਅਧਿਕਾਰੀ ਨਫਰਤੀ ਅਪਰਾਧ ਦੇ ਦੋਸ਼ ਲਗਾਉਣਗੇ। ਸਿੱਖ ਨਾਗਰਿਕ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੇ ਸੰਗਠਨ ਸਿੱਖ ਕੋਲੀਸ਼ਨ ਨੇ ਕਿਹਾ ਕਿ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੇਫਰਸਨ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ 29 ਅਪ੍ਰੈਲ ਨੂੰ ਲਖਵੰਤ ਸਿੰਘ ‘ਤੇ ਹਮਲਾ ਕਰਨ ਵਾਲੇ ਐਰਿਕ ਬ੍ਰੀਮੇਨ ਦੇ ਵਿਰੁੱਧ ਨਫਤਰ ਅਪਰਾਧ ਦਾ ਦੋਸ਼ ਲਗਾਉਣ ਦਾ ਫੈਸਲਾ ਲਿਆ ਹੈ।
ਲਖਵੰਤ ਸਿੰਘ ਨੇ ਕਿਹਾ ਕਿ ਉਹ ਮੁਸ਼ਕਲ ਸਮੇਂ ‘ਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਰਹਿਣ ਵਾਲੇ ਸਾਰਿਆਂ ਲੋਕਾਂ ਦੇ ਧੰਨਵਾਦੀ ਹਨ। ਨਾਲ ਹੀ ਉਨ੍ਹਾਂ ਨੇ ਜੇਫਰਸਨ ਕਾਊਂਟੀ ਪ੍ਰਸ਼ਾਸਨ ਵੱਲੋਂ ਦੋਸ਼ੀ ‘ਤੇ ਨਫਰਤ ਅਪਰਾਧ ਦਾ ਦੋਸ਼ ਲਗਾਉਣ ਦੇ ਕਦਮ ਦੀ ਪ੍ਰਸ਼ੰਸਾ ਕੀਤੀ। ਸਿੱਖ ਕੋਲੀਸ਼ਨ ਨੇ ਦੱਸਿਆ ਕਿ ਬੀਤੇ ਅਪ੍ਰੈਲ ‘ਚ ਬ੍ਰੀਮੇਨ ਨੇ ਸਿੱਖ ਜੋੜੇ ਦੀ ਦੁਕਾਨ ‘ਚ ਦਾਖਲ ਹੋ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਲਖਵੰਤ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕੀਤਾ। ਬ੍ਰੀਮੇਨ ਨੇ ਦੁਕਾਨ ਦੀਆਂ ਕਈ ਵਸਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜੋੜੇ ਨੂੰ ਕਈ ਵਾਰ ‘ਆਪਣੇ ਦੇਸ਼ ਚਲੇ ਜਾਓ’ ਕਿਹਾ। ਜਦੋਂ ਬ੍ਰੀਮੇਨ ਦੁਕਾਨ ਵਿਚੋਂ ਨਿਕਲਿਆ, ਤਾਂ ਲਖਵੰਤ ਸਿੰਘ ਉਸ ਦੀ ਲਾਈਸੈਂਸ ਪਲੇਟ ਦੀ ਤਸਵੀਰ ਲੈਣ ਲਈ ਉਸ ਦੇ ਪਿੱਛੇ ਭੱਜੇ, ਤਾਂ ਜੋ ਉਹ ਘਟਨਾ ਦੀ ਸ਼ਿਕਾਇਤ ਦਰਜ ਕਰਾ ਸਕਣ ਪਰ ਬ੍ਰੀਮੈਨ ਨੇ ਲਖਵੰਤ ਸਿੰਘ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ।


Share