ਅਮਰੀਕੀ ਸਾਇਕਲਿਸਟ ਵਿਲਸਨ ਦੀ ਹੱਤਿਆ ਦਾ ਮਾਮਲਾ ਪਿਆਰ ਕਹਾਣੀ ਨਾਲ ਜੁੜਿਆ

32
ਸਾਇਕਲਿਸਟ ਅਨਾ ਮੋਰੀਆਹ ਵਿਲਸਨ ਦੀ ਫਾਇਲ ਤਸਵੀਰ।
Share

*  ਇਕ ਹੋਰ ਔਰਤ ਸਾਇਕਲਿਸਟ ਵਿਰੁੱਧ ਮਾਮਲਾ ਦਰਜ
ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 25 ਸਾਲਾ ਪੇਸ਼ਾਵਰ ਸਾਇਕਲਿਸਟ ਅਨਾ ਮੋਰੀਆਹ ਵਿਲਸਨ ਦੀ ਹੱਤਿਆ ਦਾ ਮਾਮਲਾ ਤਿਕੋਨੀ ਪਿਆਰ ਕਹਾਣੀ ਨਾਲ ਜੁੜ ਗਿਆ ਹੈ, ਜਿਸ ਵਿਚ ਵਿਲਸਨ ਤੋਂ ਇਲਾਵਾ ਇਕ ਹੋਰ ਔਰਤ ਤੇ ਇਕ ਮਰਦ ਸ਼ਾਮਲ ਹੈ। ਇਹ ਖੁਲਾਸਾ ਆਸਟਿਨ ਪੁਲਿਸ ਨੇ ਕਰਦਿਆਂ ਕਿਹਾ ਹੈ ਕਿ ਆਸਟਿਨ ਨਿਵਾਸੀ ਸਾਇਕਲਿਸਟ 34 ਸਾਲਾ ਔਰਤ ਕੈਟਲਿਨ ਮੈਰੀ ਆਰਮਜਸਟਰਾਂਗ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 25 ਸਾਲਾ ਵਿਲਸਨ 11 ਮਈ ਨੂੰ ਆਸਟਿਨ (ਟੈਕਸਾਸ) ‘ਚ ਮੈਪਲ ਐਵਨਿਊ ਵਿਚ ਸਥਿਤ ਆਪਣੇ ਘਰ ਵਿਚ ਮ੍ਰਿਤਕ ਮਿਲੀ ਸੀ। ਉਸ ਦਿਨ ਉਹ ਸਾਨ ਫਰਾਂਸਿਸਕੋ ਤੋਂ ਉਤਰ ਪੱਛਮੀ ਵਾਕੋ ਵਿਚ ਹਿਕੋ ਵਿਖੇ ਹੋ ਰਹੀ ਸਾਈਕਲ ਦੌੜ ਵਿਚ ਸ਼ਾਮਲ ਹੋਣ ਲਈ ਆਸਟਿਨ ਆਈ ਸੀ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਇਕ ਵੀਡੀਓ ਮਿਲੀ ਹੈ, ਜਿਸ ਵਿਚ ਆਰਮਜਸਟਰਾਂਗ ਇਕ ਵਾਹਣ ਵਿਚ ਸਵਾਰ ਹੋ ਕੇ ਵਿਲਸਨ ਦੇ ਘਰ ਵੱਲ ਜਾ ਰਹੀ ਨਜ਼ਰ ਆ ਰਹੀ ਹੈ। ਵਿਲਸਨ ਇਕ ਮਿੰਟ ਪਹਿਲਾਂ ਹੀ ਆਰਮਜਸਟਰਾਂਗ ਦੇ ਦੋਸਤ ਮਰਦ ਸਾਇਕਲਿਸਟ ਕੋਲਿਨ ਸਟਰਿਕਲੈਂਡ ਨਾਲ ਤੈਰਾਕੀ ਕਰਕੇ ਮੁੜੀ ਸੀ। ਪੁਲਿਸ ਅਨੁਸਾਰ ਇਹ ਪਿਆਰ ਕਹਾਣੀ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ, ਜਦੋਂ ਆਰਮਜਸਟਰਾਂਗ ਤੇ ਸਟਰਿਕਲੈਂਡ ਵਿਚਾਲੇ ਹੋਏ ਮਨ-ਮੁਟਾਵ ਦੌਰਾਨ ਸਟਰਿਕਲੈਂਡ, ਵਿਲਸਨ ਦੇ ਨੇੜੇ ਆ ਗਿਆ ਸੀ, ਜਿਸ ਤੋਂ ਆਰਮਜਸਟਰਾਂਗ ਖਿੱਝ ਗਈ ਸੀ। ਇਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਆਰਮਜਸਟਰਾਂਗ ਨੂੰ ਸਟਰਿਕਲੈਂਡ ਤੇ ਵਿਲਸਨ ਵਿਚਾਲੇ ਸਬੰਧਾਂ ਦਾ ਇਸ ਸਾਲ ਜਨਵਰੀ ਵਿਚ ਪਤਾ ਲੱਗਾ ਸੀ। ਮੁੱਖਬਰ ਅਨੁਸਾਰ ਆਰਮਜਸਟਰਾਂਗ ਨੇ ਉਸ ਨੂੰ ਦੱਸਿਆ ਸੀ ਕਿ ਉਹ ਵਿਲਸਨ ਨੂੰ ਮਾਰ ਦੇਵੇਗੀ। ਪੁਲਿਸ ਨੇ ਆਰਮਜਸਟਰਾਂਗ ਦੀ 9 ਐੱਮ.ਐੱਮ. ਹੈਂਡਗੰਨ ਬਰਾਮਦ ਕਰ ਲਈ ਹੈ, ਜਿਸ ਨੂੰ ਵਿਲਸਨ ਦੀ ਹੱਤਿਆ ਲਈ ਵਰਤਿਆ ਗਿਆ ਸੀ। ਪੁਲਿਸ ਅਨੁਸਾਰ ਇਹ ਇਕ ਵੱਡਾ ਸਬੂਤ ਹੈ। ਫਿਲਹਾਲ ਆਰਮਜਸਟਰਾਂਗ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਯੂ.ਐੱਸ. ਮਾਰਸ਼ਲ ਲੋਨ ਸਟਾਰ ਨੇ ਆਰਮਜਸਟਰਾਂਗ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਨੂੰ ਮਦਦ ਕਰਨ ਦੀ ਅਪੀਲੀ ਕੀਤੀ ਹੈ।


Share