ਅਮਰੀਕੀ ਸਰਹੱਦੀ ਸੁਰੱਖਿਆ ਏਜੰਸੀ ਵੱਲੋਂ ਫੜੇ ਗਏ ਭਾਰਤੀ ਵਿਅਕਤੀ ਨੂੰ ਹੋਇਆ ਕੋਰੋਨਾ!

394
Share

ਨਿਊਯਾਰਕ, 29 ਅਪ੍ਰੈਲ (ਪੰਜਾਬ ਮੇਲ)- ਮੈਕਸੀਕੋ ਸਰਹੱਦ ਤੋਂ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਵਿਚ ਫੜਿਆ ਗਿਆ 31 ਸਾਲਾ ਭਾਰਤੀ ਨਾਗਰਿਕ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਉਹ ਸਰਹੱਦੀ ਸੁਰੱਖਿਆ ਏਜੰਸੀ ਦੀ ਹਿਰਾਸਤ ‘ਚ ਇਨਫੈਕਟਡ ਹੋਣ ਵਾਲਾ ਪਹਿਲਾ ਵਿਅਕਤੀ ਹੈ।
ਅਮਰੀਕੀ ਕਸਟਮ ਤੇ ਸਰਹੱਦੀ ਸੁਰੱਖਿਆ (ਯੂ.ਐੱਸ.ਸੀ.ਬੀ.ਪੀ.) ਨੇ ਦੱਸਿਆ ਕਿ 23 ਅਪ੍ਰੈਲ ਨੂੰ ਸਰਹੱਦੀ ਗਸ਼ਤੀ ਏਜੰਟ ਨੇ ਮੈਕਸੀਕੋ ਦੇ ਤਿੰਨ ਨਾਗਰਿਕਾਂ ਤੇ ਇਕ ਭਾਰਤੀ ਨੂੰ ਇਸ ਸ਼ੱਕ ‘ਚ ਫੜਿਆ ਕਿ ਉਹ ਕੈਲੀਫੋਰਨੀਆ ਦੇ ਕੋਲ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹਨ। ਸੀ.ਬੀ.ਪੀ. ਦੇ ਕਾਰਜਕਾਰੀ ਕਮਿਸ਼ਨਰ ਮਾਰਕ ਮੋਰਗਨ ਨੇ ਦੱਸਿਆ ਕਿ ਮੈਕਸੀਕੋ ਦੇ ਨਾਗਰਿਕ ਤਾਂ ਆਪਣੇ ਦੇਸ਼ ਪਰਤ ਗਏ ਪਰ ਭਾਰਤੀ ਨੂੰ ਸਰਹੱਦੀ ਸੁਰੱਖਿਆ ਕੇਂਦਰ ਲਿਆਂਦਾ ਗਿਆ। ਭਾਰਤੀ ਦੀ ਪਛਾਣ ਨਹੀਂ ਦੱਸੀ ਗਈ ਹੈ। ਉਸ ਵਿਚ ਫਲੂ ਦੇ ਲੱਛਣ ਦਿਖੇ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਉਸ ਨੂੰ ਇਕਾਂਤਵਾਸ ਵਿਚ ਰੱਖਿਆ। ਉਸ ਦੀ ਕੋਰੋਨਾਵਾਇਰਸ ਦੀ ਜਾਂਚ ਕਰਵਾਈ ਗਈ ਤੇ ਉਸ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਏਜੰਸੀ ਨੇ ਕਿਹਾ ਕਿ ਉਹ ਸੀ.ਬੀ.ਪੀ. ਦੀ ਹਿਰਾਸਤ ਵਿਚ ਕੋਵਿਡ-19 ਨਾਲ ਇਨਫੈਕਟਡ ਹੋਣ ਵਾਲਾ ਪਹਿਲਾ ਵਿਅਕਤੀ ਹੈ। ਉਸ ਨੇ ਕਿਹਾ ਕਿ ਉਹ ਫਿਲਹਾਲ ਉਨ੍ਹਾਂ ਲੋਕਾਂ ਦਾ ਪਤਾ ਲਾ ਰਹੀ ਹੈ, ਜੋ ਉਸ ਦੇ ਸੰਪਰਕ ਵਿਚ ਆਏ ਸਨ।


Share