ਅਮਰੀਕੀ ਸਰਕਾਰ ਮਨਾਏਗੀ ਜਾਰਜ ਫਲਾਇਡ ਦੀ ਪਹਿਲੀ ਬਰਸੀ

111
Share

ਵਾਸ਼ਿੰਗਟਨ, 22 ਮਈ (ਪੰਜਾਬ ਮੇਲ)- ਬੀਤੇ ਸਾਲ ਅਮਰੀਕੀ ਪੁਲਿਸ ਅਧਿਕਾਰੀ ਹੱਥੋਂ ਮਾਰੇ ਗਏ ਕਾਲੇ ਮੂਲ ਦੇ ਜਾਰਜ ਫਲਾਇਡ ਦੀ ਪਹਿਲੀ ਬਰਸੀ ਮੌਕੇ ਬਾਈਡਨ ਪ੍ਰਸ਼ਾਸਨ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ। ਬਾਈਡਨ ਪ੍ਰਸ਼ਾਸਨ ਨੇ ਜਾਰਜ ਦੀ ਪਹਿਲੀ ਬਰਸੀ ਮਨਾਉਣ ਦਾ ਐਲਾਨ ਕਰਦਿਆਂ ਫਲਾਇਡ ਦੇ ਪੂਰੇ ਪਰਿਵਾਰ ਨੂੰ ਵਾਈਟ ਹਾਊਸ ਲਈ ਸੱਦਾ ਭੇਜਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਮਿਨੀਆਪੋਲਿਸ ’ਚ ਸੀਨੀਅਰ ਪੁਲਿਸ ਅਧਿਕਾਰੀ ਦੇ ਹੱਥੋਂ ਮਾਰੇ ਗਏ ਕਾਲੇ ਮੂਲ ਦੇ ਜਾਰਜ ਫਲਾਇਡ ਦੇ ਪਰਿਵਾਰ ਨੂੰ ਉਸਦੀ ਪਹਿਲੀ ਬਰਸੀ ’ਤੇ ਵਾਈਟ ਹਾਊਸ ’ਚ ਸੱਦਾ ਦਿੱਤਾ ਹੈ। ਮੀਡੀਆ ਰਿਪੋਰਟ ਆਨੁਸਾਰ ਵਾਈਟ ਹਾਊਸ ਦੀ ਮੀਡੀਆ ਸਕੱਤਰ ਸਾਕੀ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਬਾਈਡਨ , ਫਲਾਇਡ ਦੀ ਪਹਿਲੀ ਬਰਸੀ ਮਨਾਉਣਗੇ ਪਰ ਉਨ੍ਹਾਂ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਫਲਾਇਡ ਦੀ ਮੌਤ 25 ਮਈ, 2020 ਨੂੰ ਹੋਈ ਸੀ ਜਦੋਂ ਮਿਨੀਆਪੋਲਿਸ ਦੇ ਸਾਬਕਾ ਅਧਿਕਾਰੀ ਡੇਰੇਕ ਸ਼ਾਵਿਨ ਨੇ ਫਲਾਇਡ ਦੀ ਗਰਦਨ ’ਤੇ 9 ਮਿੰਟ ਤੱਕ ਆਪਣਾ ਗੋਡਾ ਰੱਖਿਆ ਸੀ ਜਦਕਿ ਫਲਾਇਡ ਵਾਰ-ਵਾਰ ਗੁਹਾਰ ਲਗਾ ਰਿਹਾ ਸੀ ਕਿ ਉਸਨੂੰ ਸਾਹ ਨਹੀਂ ਆ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਪੁਲਿਸ ਅਧਿਕਾਰੀ ਨੇ ਉਸਦੀ ਗਰਦਨ ਤੋਂ ਗੋਡਾ ਨਾ ਚੁੱਕਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ। ਫਲਾਇਡ ਦੀ ਮੌਤ ਤੋਂ ਬਾਅਦ ਘਟਨਾ ਦੀ ਇਕ ਵੀਡੀਓ ਪੂਰੀ ਦੁਨੀਆ ’ਚ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੂਰੇ ਅਮਰੀਕਾ ’ਚ ਨਸਲਵਾਦ ’ਤੇ ਵੱਡੀ ਬਹਿਸ ਛਿੜ ਗਈ ਸੀ ਅਤੇ ਪੁਲਿਸ ਖਿਲਾਫ਼ ਵੱਡੇ ਪੱਧਰ ’ਤੇ ਵਿਰੋਧ ਹੋਇਆ। ਡੇਰੇਕ ਸ਼ਾਵਿਨ ਨੂੰ ਪਿਛੇ ਜਿਹੇ ਹੀ ਫਲਾਇਡ ਮੌਤ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ। ਵਾਈਟ ਹਾਊਸ ’ਚ ਫਲਾਇਡ ਦੇ ਪਰਿਵਾਰ ਦੀ ਮੇਜਬਾਨੀ ਕਰਨ ਲਈ ਬਾਈਡਨ ਦੀ ਯੋਜਨਾ ਅਜਿਹੇ ਵਿਚ ਆਈ ਹੈ ਜਦੋਂ ਫਲਾਇਡ ਦੇ ਨਾਂ ’ਤੇ ਪੁਲਿਸ ਸੁਧਾਰ ਬਿੱਲ-ਜਾਰਜ ਫਲਾਇਡ ਜਸਟਿਸ ਇਨ ਪੋਲਿਸਟਿੰਗ ਐਕਟ ’ਤੇ ਕੇਂਦਰਿਤ ਗੱਲਬਾਤ ਕੈਪੀਟਲ ਹਿਲ ’ਚ ਛਿੜ ਗਈ ਹੈ।


Share