ਅਮਰੀਕੀ ਸਰਕਾਰ ਕੋਵਿਡ ਲਈ ਵਿਕਸਤ ਕਰਨ ਜਾ ਰਹੀ ਐਂਟੀਵਾਇਰਲ ਪਿਲਸ

128
Share

-3.2 ਬਿਲੀਅਨ ਡਾਲਰ ਦਾ ਕਰੇਗੀ ਨਿਵੇਸ਼
ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਕੋਵਿਡ ਲਈ ਐਂਟੀਵਾਇਰਲ ਗੋਲੀਆਂ ਵਿਕਸਤ ਕਰਨ ਜਾ ਰਹੀ ਹੈ। ਇਸ ਲਈ ਉਹ 3.2 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਸਿਹਤ ਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਇਹ ਐਲਾਨ ਕੀਤਾ। ਇਸ ਨਾਲ ਲੋਕਾਂ ਨੂੰ ਹਸਪਤਾਲ ਤੋਂ ਦੂਰ ਰੱਖਣ ਵਿਚ ਮਦਦ ਮਿਲੇਗੀ ਅਤੇ ਆਉਣ ਵਾਲੇ ਸਾਲਾਂ ਵਿਚ ਸੰਭਾਵਤ ਤੌਰ ’ਤੇ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਹਨ ਕਿਉਂਕਿ ਕੋਵਿਡ-19 ਟੀਕਿਆਂ ਦੇ ਬਾਵਜੂਦ ਵਾਇਰਸ ਸਦੀਵੀ ਖ਼ਤਰਾ ਬਣਿਆ ਰਹਿ ਸਕਦਾ ਹੈ।
ਇਨਫਲੂਐਨਜ਼ਾ, ਐੱਚ.ਆਈ.ਵੀ. ਅਤੇ ਹੈਪੇਟਾਈਟਸ ਸੀ. ਦਾ ਇਲਾਜ ਇਕ ਸਾਧਾਰਨ ਗੋਲੀ ਨਾਲ ਕੀਤਾ ਜਾ ਸਕਦਾ ਹੈ ਪਰ ਕੋਰੋਨਾਵਾਇਰਸ ਦੇ ਇਲਾਜ ਲਈ ਹੁਣ ਤੱਕ ਅਜਿਹੀ ਕੋਈ ਦਵਾਈ ਨਹੀਂ ਹੈ।
ਸਰਕਾਰ ਦੇ ਇਸ ਨਿਵੇਸ਼ ਨਾਲ ਖਾਣ ਵਾਲੀਆਂ ਦਵਾਈਆਂ ਦੇ ਕਲੀਨੀਕਲ ਟ੍ਰਾਇਲਾਂ ਵਿਚ ਤੇਜ਼ੀ ਆਵੇਗੀ। ਸਭ ਕੁਝ ਠੀਕ ਰਿਹਾ ਤਾਂ ਇਨ੍ਹਾਂ ਵਿਚੋਂ ਕੁਝ ਗੋਲੀਆਂ ਇਸ ਸਾਲ ਦੇ ਅੰਤ ਵਿਚ ਉਪਲਬਧ ਹੋ ਸਕਦੀਆਂ ਹਨ। ਇਸ ਖੋਜ ਨਾਲ ਨਾ ਸਿਰਫ ਕੋਰੋਨਾਵਾਇਰਸ ਸਗੋਂ ਭਵਿੱਖ ਦੀ ਮਹਾਮਾਰੀ ਦਾ ਸਾਹਮਣਾ ਕਰਨ ਦਾ ਵੀ ਰਸਤਾ ਲੱਭ ਸਕਦਾ ਹੈ। ਡਾ. ਐਂਥਨੀ ਫਾਊਚੀ ਨੇ ਕਿਹਾ ਕਿ ਕੋਵਿਡ-19 ਪਾਜ਼ੀਟਿਵ ਹੋਣ ਜਾਂ ਇਸ ਦੇ ਲੱਛਣ ਦਿਸਣ ’ਤੇ ਲੋਕ ਫਾਰਮੇਸੀ ਜਾਂ ਮੈਡੀਕਲ ਸਟੋਰ ਤੋਂ ਐਂਟੀਵਾਇਰਲ ਗੋਲੀਆਂ ਲੈ ਸਕਣਗੇ। ਮਹਾਮਾਰੀ ਦੀ ਸ਼ੁਰੂਆਤ ਵਿਚ ਖੋਜਕਰਤਾਵਾਂ ਨੇ ਹਸਪਤਾਲਾਂ ਵਿਚ ਦਾਖਲ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਮੌਜੂਦਾ ਐਂਟੀਵਾਇਰਲ ਗੋਲੀਆਂ ਦੀ ਟੈਸਟਿੰਗ ਕੀਤੀ ਸੀ ਪਰ ਉਨ੍ਹਾਂ ਵਿਚੋਂ ਕਈ ਲਾਭ ਦਿਖਾਉਣ ਵਿਚ ਅਸਫਲ ਰਹੀਆਂ ਸਨ। ਹੁਣ ਨਵੀਂ ਖੋਜ ਨਾਲ ਇਸ ਦਾ ਇਲਾਜ ਮਿਲ ਸਕੇਗਾ।

Share