ਅਮਰੀਕੀ ਵੱਲੋਂ ਬਰਾਕ ਓਬਾਮਾ ਦੇ ਫੈਸਲੇ ਨੂੰ ਪਲਟਦਿਆਂ ਕਿਊਬਾ ਨੂੰ ਅੱਤਵਾਦ ਪ੍ਰਾਯੋਜਿਤ ਦੇਸ਼ਾਂ ਦੀ ਸੂਚੀ ’ਚ ਮੁੜ ਕੀਤਾ ਸ਼ਾਮਲ

466
Share

ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)- ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਫ਼ੈਸਲੇ ਨੂੰ ਪਲਟਦੇ ਹੋਏ ਕਿਊਬਾ ਨੂੰ ‘ਅੱਤਵਾਦ ਨੂੰ ਪ੍ਰਾਯੋਜਿਤ ਕਰਨ ਵਾਲੇ’ ਦੇਸ਼ਾਂ ਦੀ ਸੂਚੀ ਵਿਚ ਫਿਰ ਤੋਂ ਸ਼ਾਮਲ ਕੀਤਾ ਹੈ। ਇਹ ਫ਼ੈਸਲਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਕੁਝ ਦਿਨ ਪਹਿਲਾਂ ਲਿਆ ਗਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੀ ਸਰਕਾਰ ਨੇ ਹਮੇਸ਼ਾ ਹੀ ਕਾਸਤਰੋ ਸ਼ਾਸਨ ਦੀ ਉਨ੍ਹਾਂ ਸਰੋਤਾਂ ਤੱਕ ਪਹੁੰਚ ਰੋਕਣ ’ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਉਹ ਘਰ ਵਿਚ ਲੋਕਾਂ ਨੂੰ ਦਬਾਉਣ ਲਈ ਕਰਦਾ ਹੈ।
ਇਸ ਦੇ ਇਲਾਵਾ ਅਮਰੀਕਾ ਨੇ ਵੈਨੇਜ਼ੁਏਲਾ ਅਤੇ ਬਾਕੀ ਪੱਛਮੀ ਹਿੱਸੇ ਵਿਚ ਉਸ ਦੀ ਦਖਲਅੰਦਾਜ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਪੋਂਪਿਓ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਅੱਤਵਾਦੀਆਂ ਨੂੰ ਸ਼ਰਨ ਮੁਹੱਈਆ ਕਰਾ ਕੇ ਅੰਤਰਰਾਸ਼ਟਰੀ ਅੱਤਵਾਦ ਦਾ ਵਾਰ-ਵਾਰ ਸਮਰਥਨ ਕਰਨ ਕਾਰਨ ਕਿਊਬਾ ਨੂੰ ਅੱਤਵਾਦ ਪ੍ਰਾਯੋਜਿਤ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦੇ ਜ਼ਰੀਏ ਅਸੀਂ ਕਿਊਬਾ ਸਰਕਾਰ ਨੂੰ ਇਕ ਵਾਰ ਫਿਰ ਜਵਾਬਦੇਹ ਬਣਾਵਾਂਗੇ ਅਤੇ ਇਕ ਸਪੱਸ਼ਟ ਸੰਦੇਸ਼ ਦੇਵਾਂਗੇ ਕਿ ਕਾਸਤਰੋ ਸ਼ਾਸਨ ਨੂੰ ਅੰਤਰਰਾਸ਼ਟਰੀ ਅੱਤਵਾਦ ਨੂੰ ਆਪਣਾ ਸਮਰਥਨ ਅਤੇ ਅਮਰੀਕੀ ਨਿਆਂ ਵਿਵਸਥਾ ਨੂੰ ਨਸ਼ਟ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।
ਸਾਬਕਾ ਓਬਾਮਾ ਪ੍ਰਸ਼ਾਸਨ ਨੇ ਕਿਊਬਾ ਨੂੰ ਇਸ ਸੂਚੀ ਤੋਂ ਹਟਾ ਦਿੱਤਾ ਸੀ। ਕਿਊਬਾ ਨੂੰ ਇਸ ਸੂਚੀ ’ਚ ਸ਼ਾਮਲ ਕੀਤੇ ਜਾਣ ਦੇ ਬਾਅਦ ਉਸ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ਅਤੇ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇਗੀ। ਇਸ ਸੂਚੀ ਵਿਚ ਸ਼ਾਮਲ ਦੇਸ਼ਾਂ ਨੂੰ ਅਮਰੀਕੀ ਵਿਦੇਸ਼ੀ ਮਦਦ ਨਹੀਂ ਮਿਲਦੀ ਅਤੇ ਰੱਖਿਆ ਬਰਾਮਦ ਅਤੇ ਦਰਾਮਦ ਸੰਬੰਧੀ ਪਾਬੰਦੀ ਸਮੇਤ ਕਈ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।

Share