ਅਮਰੀਕੀ ਵੀਜ਼ੇ ਨਾਲ ਸੰਬੰਧਤ ਕੰਮਾਂ ‘ਚ ਲਿਆਂਦੀ ਜਾ ਰਹੀ ਹੈ ਤੇਜ਼ੀ : ਅਮਰੀਕੀ ਵਿਦੇਸ਼ ਵਿਭਾਗ

25
Share

-ਵਿੱਤੀ ਸਾਲ 2023 ‘ਚ ਇਹ ਅੰਕੜਾ ਮਹਾਮਾਰੀ ਤੋਂ ਪਹਿਲਾਂ ਦੀ ਸਥਿਤੀ ‘ਚ ਪਹੁੰਚ ਸਕਦਾ ਹੈ
ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਵਰਗੇ ਦੇਸ਼ਾਂ ਤੋਂ ਪ੍ਰਾਪਤ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ‘ਚ ਦੇਰੀ ਨੂੰ ਲੈ ਕੇ ਵਧਦੀਆਂ ਚਿੰਤਾਵਾਂ ‘ਤੇ ਕਿਹਾ ਕਿ ਵੀਜ਼ੇ ਨਾਲ ਜੁੜੀਆਂ ਪ੍ਰਕਿਰਿਆਵਾਂ ਜ਼ਿਆਦਾ ਤੇਜ਼ੀ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਵਿੱਤੀ ਸਾਲ 2023 ਵਿਚ ਇਹ ਅੰਕੜਾ ਮਹਾਮਾਰੀ ਤੋਂ ਪਹਿਲਾਂ ਦੀ ਸਥਿਤੀ ਵਿਚ ਪਹੁੰਚ ਸਕਦਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕਾ ਦੀ ਕਾਨੂੰਨੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਵਚਨਬੱਧ ਹੈ। ਵਿਭਾਗ ਨੇ ਜਾਰੀ ਇੱਕ ਬਿਆਨ ਵਿਚ ਕਿਹਾ, ”ਵਿਦੇਸ਼ ਵਿਭਾਗ ਦੁਨੀਆਂ ਭਰ ਵਿਚ ਵੀਜ਼ਾ ਇੰਟਰਵਿਊ ਦੇ ਉਡੀਕ ਸਮੇਂ ਨੂੰ ਸਫ਼ਲਤਾਪੂਰਵਕ ਘਟਾ ਰਿਹਾ ਹੈ। ਅਸੀਂ ਇਸ ਮਹੱਤਵਪੂਰਨ ਕੰਮ ਨੂੰ ਕਰਨ ਲਈ ਅਮਰੀਕੀ ਵਿਦੇਸ਼ ਸੇਵਾ ਕਰਮਚਾਰੀਆਂ ਦੀ ਭਰਤੀ ਨੂੰ ਦੁੱਗਣਾ ਕਰ ਦਿੱਤਾ ਹੈ, ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਕੰਮ ਉਮੀਦ ਨਾਲੋਂ ਤੇਜ਼ੀ ਨਾਲ ਪੂਰਾ ਹੋ ਰਿਹਾ ਹੈ, ਅਤੇ ਅਸੀਂ ਵਿੱਤੀ ਸਾਲ 2023 ਵਿਚ ਅਸੀਂ ਕੋਰੋਨਾ ਮਾਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਸਕਦੇ ਹਾਂ।”
ਦੇਰੀ ਦੇ ਕਾਰਨ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਲਈ ਬਹੁਤ ਸਾਰੇ ਬਿਨੈਕਾਰਾਂ ਨੂੰ ਦੇਸ਼ ਦੇ ਕਾਨੂੰਨ ਅਨੁਸਾਰ ਵਿਅਕਤੀਗਤ ਤੌਰ ‘ਤੇ ਪੇਸ਼ ਹੋਣਾ ਜ਼ਰੂਰੀ ਹੈ। ਹਾਲਾਂਕਿ, ਸਾਡੇ ਵਿਦੇਸ਼ੀ ਕੌਂਸਲੇਟਾਂ ਵਰਗੇ ਸਥਾਨਾਂ ‘ਤੇ ਮਹਾਂਮਾਰੀ ਸਬੰਧੀ ਸਥਾਨਕ ਪਾਬੰਦੀਆਂ ਨੇ ਵੀਜ਼ਾ ਅਰਜ਼ੀਆਂ ‘ਤੇ ਕਾਰਵਾਈ ਕਰਨ ਦੀ ਸਾਡੀ ਯੋਗਤਾ ਨੂੰ ਸੀਮਤ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ, ”ਇਸ ਨਾਲ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਹੁਣ ਜਦੋਂਕਿ ਜ਼ਿਆਦਾਤਰ ਦੇਸ਼ਾਂ ਨੇ ਪਾਬੰਦੀਆਂ ਹਟਾ ਲਈਆਂ ਹਨ, ਤਾਂ ਸਾਡੇ 96 ਫ਼ੀਸਦੀ ਦੂਤਘਰ ਅਤੇ ਕੌਂਸਲੇਟ ਨਿਯਮਤ ਵੀਜ਼ਾ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ।”
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਤੰਬਰ ‘ਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਆਪਣੀ ਮੁਲਾਕਾਤ ਵਿਚ ਭਾਰਤ ਤੋਂ ਲੰਬਿਤ ਵੀਜ਼ਾ ਅਰਜ਼ੀਆਂ ਦਾ ਮੁੱਦਾ ਉਠਾਇਆ ਸੀ, ਜਿਸ ‘ਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲ ਹਨ ਅਤੇ ਇਸ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਯੋਜਨਾ ਮੌਜੂਦ ਹਨ। ਇਸ ਵਿਚ ਕਿਹਾ ਗਿਆ ਹੈ, ”ਅਸੀਂ ਆਪਣੀ ਤਰੱਕੀ ਨੂੰ ਜਾਰੀ ਰੱਖਣ ਅਤੇ ਜਿੰਨੀ ਜਲਦੀ ਹੋ ਸਕੇ, ਵੀਜ਼ਾ ਇੰਟਰਵਿਊ ਉਡੀਕ ਸਮੇਂ ਨੂੰ ਘਟਾਉਣ ਲਈ ਵਚਨਬੱਧ ਹਾਂ।” ਇੱਕ ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ, ”ਅਸੀਂ ਵਿੱਤੀ ਸਾਲ 2019 ਦੇ ਮੁਕਾਬਲੇ ਵਿੱਤੀ ਸਾਲ 2022 ਵਿਚ ਮੌਸਮੀ ਖੇਤੀਬਾੜੀ ਅਤੇ ਗੈਰ-ਖੇਤੀ ਕਾਮਿਆਂ ਨੂੰ 40 ਫ਼ੀਸਦੀ ਜ਼ਿਆਦਾ ਐੱਚ-2 ਵੀਜ਼ੇ ਜਾਰੀ ਕੀਤੇ ਹਨ।”


Share