ਅਮਰੀਕੀ ਵਿਦੇਸ਼ ਮੰਤਰੀ ਭਾਰਤ ਦੌਰੇ ਦੌਰਾਨ ਅੱਤਵਾਦ ਸਮੇਤ ਅਹਿਮ ਮੁੱਦਿਆਂ ‘ਤੇ ਕਰਨਗੇ ਵਿਚਾਰ ਵਟਾਂਦਰਾ

348
Share

ਸੈਕਰਾਮੈਂਟੋ, 25 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ 26 ਜੁਲਾਈ ਨੂੰ ਨਵੀਂ ਦਿਲੀ ਲਈ ਰਵਾਨਾ ਹੋਣਗੇ ਜਿਥੇ ਉਹ 27 ਜੁਲਾਈ ਨੂੰ ਪਹੁੰਚਣਗੇ।  ਉਹ ਆਪਣੇ ਹਮਰੁਤਬਾ ਐਸ ਜੈ ਸ਼ੰਕਰ ਤੇ ਹੋਰ ਭਾਰਤੀ ਅਧਿਕਾਰੀਆਂ ਨਾਲ ਇੰਡੋ-ਯੂ ਐੈਸ ਰਖਿਆ, ਡਿਫੈਂਸ ਸਾਈਬਰ ਤੇ ਅੱਤਵਾਦ ਵਿਰੁੱਧ ਕਾਰਵਾਈ ਸਮੇਤ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ। ਬਾਇਡਨ ਪ੍ਰਸ਼ਾਸਨ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਚੋਟੀ ਦੇ ਕਿਸੇ ਅਮਰੀਕੀ ਕੂਟਨੀਤਿਕ ਦਾ ਇਹ ਪਹਿਲਾ ਭਾਰਤ ਦੌਰਾ ਹੈ। ਆਪਣੇ ਭਾਰਤ ਦੌਰੇ ਦੌਰਾਨ ਬਲਿੰਕਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਵਿਭਾਗ ਦੇ ਦੱਖਣੀ ਤੇ ਕੇਂਦਰੀ ਏਸ਼ੀਆ ਦੇ ਮਾਮਲਿਆਂ ਬਾਰੇ ਕਾਰਜਕਾਰੀ ਸਹਾਇਕ ਸਕੱਤਰ ਡੀਨ ਥਾਮਪਸਨ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਬਲਿੰਕਨ ਤੇ ਰਖਿਆ ਮੰਤਰੀ ਲਾਇਡ ਆਸਟਿਨ ਆਪਣੇ ਭਾਰਤ ਦੇ ਹਮਰੁਤਬਾ ਵੱਲੋਂ ਇਸ ਸਾਲ ਦੇ ਆਖਿਰ ਵਿਚ ਆਯੋਜਿਤ ਕੀਤੀ ਜਾ ਰਹੀ ਸਲਾਨਾ ਮੰਤਰੀ ਪੱਧਰ ਦੀ ਗੱਲਬਾਤ ਨੂੰ ਬਹੁਤ ਹਾਂ ਪਖੀ ਨਜ਼ਰੀਏ ਤੋਂ ਵੇਖ ਰਹੇ ਹਨ। ਅਮਰੀਕਾ ਵਿਚਲੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਨਵੀਂ ਦਿੱਲੀ ਵਿਚ ਹੋਣ ਵਾਲੇ ਸਲਾਨਾ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਣਗੇ। ਇਸ ਵਿਚਾਰ ਵਟਾਂਦਰੇ ਦਾ ਮੁੱਖ ਮੁੱਦਾ ਅਫਗਾਨਿਸਤਾਨ ਹੋਵੇਗਾ। ਡੀਨ ਥਾਮਪਸਨ ਨੇ ਕਿਹਾ ਹੈ ਕਿ ”ਇਸ ਖਿੱਤੇ ਵਿਚਲੇ ਸਾਰੇ ਦੇਸ਼ਾਂ ਦੇ ਹਿੱਤ ਇਕ ਸਥਿੱਰ ਤੇ ਸੁਰੱਖਿਅਤ ਅਫਗਾਨਿਸਤਾਨ ਨਾਲ ਜੁੜੇ ਹੋਏ ਹਨ। ਅਸੀਂ ਆਪਣੇ ਭਾਈਵਾਲ ਭਾਰਤ ਨਾਲ ਸਥਿੱਰ ਅਫਗਾਨਿਸਤਾਨ ਦਾ ਟੀਚਾ ਪ੍ਰਾਪਤ ਕਰਨ ਲਈ ਹੋਣ ਵਾਲੀ ਗੱਲਬਾਤ ਨੂੰ ਬਹੁਤ ਅਹਿਮਅਤ ਦਿੰਦੇ ਹਾਂ।”


Share