ਅਮਰੀਕੀ ਵਿਦੇਸ਼ ਮੰਤਰੀ ਨੇ ਤਾਲਿਬਾਨ ਨੂੰ ਸ਼ਾਂਤੀ ਸਮਝੌਤੇ ਦੀ ਪਾਲਣਾ ਕਰਨ ਲਈ ਕਿਹਾ

814
Share

* ਅਮਰੀਕੀ ਫ਼ੌਜੀਆਂ ‘ਤੇ ਹਮਲਾ ਨਾ ਕਰਨ ਦੀ ਦਿੱਤੀ ਨਸੀਹਤ
ਵਾਸ਼ਿੰਗਟਨ, 2 ਜੁਲਾਈ (ਪੰਜਾਬ ਮੇਲ)-ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅੱਤਵਾਦੀ ਸੰਗਠਨ ਤਾਲਿਬਾਨ ਨੂੰ ਸ਼ਾਂਤੀ ਸਮਝੌਤੇ ਦੀ ਪਾਲਣਾ ਕਰਨ ਨੂੰ ਕਿਹਾ ਹੈ। ਨਾਲ ਹੀ ਅਮਰੀਕੀ ਫ਼ੌਜੀਆਂ ‘ਤੇ ਹਮਲਾ ਨਾ ਕਰਨ ਦੀ ਵੀ ਨਸੀਹਤ ਵੀ ਦਿੱਤੀ ਹੈ। ਦੱਸਣਯੋਗ ਹੈ ਕਿ ਫਰਵਰੀ ‘ਚ ਅਮਰੀਕਾ ਤੇ ਤਾਲਿਬਾਨ ਵਿਚਾਲੇ ਕਤਰ ਦੀ ਰਾਜਧਾਨੀ ਦੋਹਾ ‘ਚ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਹੋਏ ਸਨ। ਸਮਝੌਤੇ ‘ਚ ਇਹ ਤੈਅ ਹੋਇਆ ਸੀ ਕਿ ਜੇ ਤਾਲਿਬਾਨ ਹਿੰਸਾ ‘ਚ ਕਮੀ ਲਿਆਉਂਦਾ ਹੈ ਤਾਂ ਅਮਰੀਕਾ ਤੇ ਉਸ ਦੇ ਸਹਿਯੋਗ ਦੇਸ਼ ਅਫ਼ਗਾਨਿਸਤਾਨ ਤੋਂ 14 ਮਹੀਨੇ ‘ਚ 12 ਹਜ਼ਾਰ ਫ਼ੌਜੀਆਂ ਨੂੰ ਵਾਪਸ ਸੱਦ ਲੈਣਗੇ। ਫਿਲਹਾਲ ਅਫ਼ਗਾਨਿਸਤਾਨ ‘ਚ ਅਮਰੀਕਾ ਦੇ 14 ਹਜ਼ਾਰ ਫ਼ੌਜੀ ਹਨ। ਹਾਲਾਂਕਿ ਇਕ ਰਿਪੋਰਟ ਅਨੁਸਾਰ, ਸਮਝੌਤੇ ਤੋਂ ਬਾਅਦ ਇਕ ਚੌਥਾਈ ਅਮਰੀਕੀ ਫ਼ੌਜੀਆਂ ਨੂੰ ਵਾਪਸ ਸੱਦਿਆ ਗਿਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਮੰਗਲਵਾਰ ਨੂੰ ਕਿਹਾ, ”ਸੋਮਵਾਰ ਤਾਂ ਤਾਲਿਬਾਨ ਆਗੂ ਮੁੱਲਾ ਬਰਾਦਰ ਨਾਲ ਹੋਈ ਵੀਡੀਓ ਕਾਨਫਰੰਸਿੰਗ ਦੌਰਾਨ ਵਿਦੇਸ਼ ਮੰਤਰੀ ਨੇ ਆਪਣੇ ਟੀਚੇ ਜ਼ਾਹਰ ਕਰ ਦਿੱਤੇ ਹਨ। ਇਸ ‘ਚ ਨਾ ਸਿਰਫ ਤਾਲਿਬਾਨ ਨੂੰ ਸਮਝੌਤੇ ਦੀ ਪਾਲਣਾ ਕਰਨਾ ਪਵੇਗੀ, ਸਗੋਂ ਅਮਰੀਕੀ ਫ਼ੌਜੀਆਂ ‘ਤੇ ਕੀਤੇ ਜਾ ਰਹੇ ਹਮਲਿਆਂ ਨੂੰ ਵੀ ਰੋਕਣਾ ਪਵੇਗਾ।” ਸਮਝੌਤੇ ਤਹਿਤ ਤਾਲਿਬਾਨ ਨੂੰ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਲਈ ਖ਼ਤਰਾ ਬਣਨ ਵਾਲਿਆਂ ਅਲਕਾਇਦਾ ਸਮੇਤ ਹੋਰ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ‘ਤੇ ਵਿਰਾਮ ਲਾਉਣਾ ਪਵੇਗਾ। ਇਸ ‘ਚ ਲੜਾਕਿਆਂ ਦੀ ਭਰਤੀ ਤੋਂ ਲੈ ਕੇ ਅੱਤਵਾਦੀ ਸਰਗਰਮੀਆਂ ਲਈ ਪੈਸੇ ਇਕੱਠੇ ਕਰਨੇ ਵੀ ਸ਼ਾਮਲ ਹਨ। ਪੋਂਪੀਓ ਅਤੇ ਤਾਲਿਬਾਨ ਆਗੂ ਵਿਚਾਲੇ ਗੱਲਬਾਤ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਹੋਈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਰੂਸ ਨੇ ਅਫ਼ਗਾਨਿਸਤਾਨ ‘ਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਹੱਤਿਆ ਲਈ ਤਾਲਿਬਾਨ ਅੱਤਵਾਦੀਆਂ ਨੂੰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਸੀ।


Share