ਅਮਰੀਕੀ ਵਿਗਿਆਨੀ ਵੱਲੋਂ ਅਗਲੇ 2 ਹਫਤਿਆਂ ’ਚ ਗਲੋਬਲ ਪੱਧਰ ’ਤੇ ਕਰੋਨਾ ਕੇਸਾਂ ’ਚ ਵੱਡਾ ਵਾਧਾ ਹੋਣ ਦਾ ਦਾਅਵਾ

364
Share

ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਮੇਲ)- ਸਮੁੱਚੀ ਦੁਨੀਆਂ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਇਕ ਅਮਰੀਕੀ ਇਨਫੈਕਸ਼ਨ ਰੋਗ ਮਾਹਰ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਹਫਤਿਆਂ ’ਚ ਗਲੋਬਲੀ ਪੱਧਰ ’ਤੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ’ਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ। ਇਕ ਅਮਰੀਕੀ ਟੈਲੀਵਿਜ਼ਨ ਚੈਨਲ ਮੁਤਾਬਕ ਮਿਨੀਸੋਟਾ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਫੈਕਸ਼ੀਅਸ ਡਿਜ਼ੀਜ ਰਿਸਰਚ ਐਂਡ ਪਾਲਿਸੀ ’ਚ ਡਾਇਰੈਕਟਰ ਮਾਈਕਲ ਉਸਟਰਹੋਮ ਨੇ ਕਿਹਾ ਕਿ ਗਲੋਬਲੀ ਪੱਧਰ ’ਤੋ ਕੋਰੋਨਾਵਾਇਰਸ ਮਹਾਮਾਰੀ ਦਾ ਖਤਰਾ ਪੰਜਵੀਂ ਕੈਟੇਗਿਰੀ ਦੇ ਚੱਕਰਵਰਤੀ ਤੂਫਾਨ ਵਰਗਾ ਹੈ। ਆਉਣ ਵਾਲੇ ਦਿਨਾਂ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਹੋ ਰਹੇ ਵਾਧੇ ਦੇ ਨਤੀਜੇ ਵਜੋਂ ਰੋਜ਼ਾਨਾ ਆ ਰਹੇ ਮਾਮਲਿਆਂ ਦੀ ਗਿਣਤੀ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਗਾਂ ਕਿ ਇਸ ਸਮੇਂ ਇਨਫੈਕਸ਼ਨ ਦੇ ਮਾਮਲੇ ’ਚ ਪੂਰੀ ਦੁਨੀਆਂ ਕੈਟੇਗਿਰੀ 5 ਦੇ ਚੱਕਰਵਰਤੀ ਤੂਫਾਨ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਅਗਲੇ ਦੋ ਹਫਤਿਆਂ ’ਚ ਅਸੀਂ ਦੇਖਾਂਗੇ ਕਿ ਗਲੋਬਲੀ ਪੱਧਰ ’ਤੇ ਮਹਾਮਾਰੀ ਦੇ ਰੋਜ਼ਾਨਾ ਆ ਰਹੇ ਮਾਮਲੇ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਹੋਣਗੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਰੋਜ਼ਾਨਾ ਆਉਣ ਵਾਲੇ ਕੋਰੋਨਾਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਦਸੰਬਰ 2020 ’ਚ ਰਿਪੋਰਟ ਕੀਤੇ ਗਏ ਸਨ। ਹਾਲਾਂਕਿ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਕਮੀ ਆਈ ਹੈ ਪਰ ਭਾਰਤ, ਅਮਰੀਕਾ, ਬ੍ਰਾਜ਼ੀਲ, ਇਟਲੀ ਅਤੇ ਜਰਮਨੀ ’ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਕਾਰਣ ਗਲੋਬਲੀ ਪੱਧਰ ’ਤੇ ਇਕ ਵਾਰ ਫਿਰ ਸਿਹਤ ਸੰਕਟ ਖੜ੍ਹਾ ਹੋ ਗਿਆ ਹੈ।
ਅਮਰੀਕੀ ਸਿਹਤ ਮਾਹਰ ਨੇ ਕਿਹਾ ਕਿ ਜਿਥੇ ਤੱਕ ਅਮਰੀਕਾ ਦੀ ਗੱਲ ਹੈ, ਅਜੇ ਸਿਰਫ ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧਾ ਹੋਣਾ ਸ਼ੁਰੂ ਹੋਇਆ ਹੈ ਅਤੇ ਅਜੇ ਇਹ ਤੇਜ਼ੀ ਨਾਲ ਵਧੇਗਾ। ਦੱਸ ਦੇਈਏ ਕਿ ਭਾਰਤ ’ਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਰਿਪੋਰਟ ਕੀਤੇ ਗਏ। ਭਾਰਤ ’ਚ ਔਸਤ ਤੌਰ ’ਤੇ ਇਨਫੈਕਸ਼ਨ ਦੇ ਨਵੇਂ ਮਾਮਲੇ ਅਮਰੀਕਾ ਤੋਂ ਵੀ ਜ਼ਿਆਦਾ ਆ ਰਹੇ ਹਨ। ਪਿਛਲੇ 50 ਦਿਨਾਂ ’ਚ ਦੇਸ਼ ’ਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ’ਚ 10 ਗੁਣਾ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲਾ ਦੇ ਹਨ।

Share