ਅਮਰੀਕੀ ਰੱਖਿਆ ਮੰਤਰੀ ਆਸਟਿਨ ਕੋਰੋਨਾ ਪਾਜ਼ੀਟਿਵ

211
Share

ਵਾਸ਼ਿੰਗਟਨ, 3 ਜਨਵਰੀ (ਪੰਜਾਬ ਮੇਲ)- ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਉਨ੍ਹਾਂ ਵਿਚ ਲਾਗ ਦੇ ਹਲਕੇ ਲੱਛਣ ਹਨ। ਆਸਟਿਨ ਨੇ ਐਤਵਾਰ ਰਾਤ ਨੂੰ ਇੱਕ ਬਿਆਨ ਵਿਚ ਆਪਣੇ ਇਨਫੈਕਸ਼ਨ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਇਕਾਂਤਵਾਸ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ਵਿਚ ‘‘ਜਿੰਨਾ ਸੰਭਵ ਹੋ ਸਕੇਗਾ’’, ਉਹ ‘ਡਿਜੀਟਲ’ ਮਾਧਿਅਮ ਰਾਹੀਂ ਵੱਧ ਤੋਂ ਵੱਧ ਮੀਟਿੰਗਾਂ ਵਿਚ ਸ਼ਾਮਲ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਮੈਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਆਪਣੀ ਟੀਮ ਨੂੰ ਸੂਚਿਤ ਕਰ ਦਿੱਤਾ ਹੈ ਕਿ ਮੈਂ ਕਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ। ਆਸਟਿਨ ਨੇ ਅੱਗੇ ਕਿਹਾ ਕਿ ਮੇਰੇ ਸਟਾਫ਼ ਦੇ ਕਰਮਚਾਰੀਆਂ ਨੇ ਉਨ੍ਹਾਂ ਲੋਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਮੇਰੇ ਸੰਪਰਕ ਵਿਚ ਆਏ ਸਨ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਪਿਛਲੇ ਹਫ਼ਤੇ ਮੇਰੇ ਸੰਪਰਕ ਵਿਚ ਆਏ ਸਨ। ਆਸਟਿਨ (68) ਨੇ ਦੱਸਿਆ ਕਿ ਉਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਅਕਤੂਬਰ ਵਿਚ ‘ਬੂਸਟਰ’ ਖੁਰਾਕ ਲਈ ਸੀ। ਉਨ੍ਹਾਂ ਨੇ ਕਿਹਾ ਕਿ ‘‘ਟੀਕੇ ਲਾਹੇਵੰਦ ਹਨ ਅਤੇ ਮੈਂ ਸਾਰਿਆਂ ਨੂੰ ‘ਬੂਸਟਰ’ ਖੁਰਾਕ ਲੈਣ ਲਈ ਉਤਸ਼ਾਹਿਤ ਕਰਦਾ ਹਾਂ।
ਆਸਟਿਨ ਨੇ ਕਿਹਾ ਕਿ ਮੈਂ ਪੰਜ ਦਿਨਾਂ ਲਈ ਹੋਮ ਕੁਆਰੰਟੀਨ ਵਿਚ ਰਹਾਂਗਾ। ਆਸਟਿਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਖਰੀ ਵਾਰ 21 ਦਸੰਬਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕੀਤੀ ਸੀ ਅਤੇ ਆਖਰੀ ਵਾਰ ਵੀਰਵਾਰ ਨੂੰ ਪੈਂਟਾਗਨ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਵੀਰਵਾਰ ਨੂੰ ਥੋੜ੍ਹੇ ਸਮੇਂ ਲਈ ਉੱਥੇ ਗਿਆ ਅਤੇ ਆਪਣੇ ਸਟਾਫ ਦੇ ਕੁਝ ਮੈਂਬਰਾਂ ਨੂੰ ਮਿਲਿਆ। ਅਸੀਂ ਮਾਸਕ ਪਹਿਨੇ ਹੋਏ ਸੀ ਅਤੇ ਸਮਾਜਿਕ ਦੂਰੀ ਬਣਾਈ ਰੱਖੀ ਸੀ।

Share