ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਿਚ ਕੋਰੋਨਾ ਵਾਇਰਸ ਦੀ ਦਸਤਕ

826
Share

ਇਕ ਅਧਿਕਾਰੀ ਕੋਰੋਨਾ ਵਾਇਰਸ ਪਾਜ਼ਟਿਵ ਮਿਲਿਆ

ਵਾਸ਼ਿੰਗਟਨ, 21 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਨੇ ਦੁਨੀਆ ਦੀਆਂ ਸੁਰੱਖਿਅਤ ਥਾਵਾਂ ਵਿਚੋਂ ਇਕ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਿਚ ਵੀ ਦਸਤਕ ਦੇ ਦਿੱਤੀ ਹੈ। ਇਥੇ ਇਕ ਅਧਿਕਾਰੀ ਕੋਰੋਨਾ ਵਾਇਰਸ ਪਾਜ਼ਟਿਵ ਮਿਲਿਆ ਹੈ। ਸਮਾਚਾਰ ਏਜੰਸੀ ਮੁਤਾਬਕ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਨੇਸ ਦੇ ਨਾਲ ਨਿਯੁਕਤ ਇਕ ਅਧਿਕਾਰੀ ਕੋਰੋਨਾ ਵਾਇਰਸ ਦਾ ਪਾਜ਼ਟਿਵ ਮਿਲਿਆ ਹੈ।

ਇਸ ਖੁਲਾਸੇ ਦੇ ਬਾਅਦ ਹੜਕੰਪ ਮੱਚ ਗਿਆ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ  ੍ਵਹਾਈਟ ਹਾਊਸ ‘ਚ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ‘ਚ ਆਇਆ ਸੀ। ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਨੇਸ ਪਿਛਲੇ ਕੁਝ ਦਿਨਾਂ ਤੋਂ ਇਸ ਵਿਅਕਤੀ ਦੇ ਸੰਪਰਕ ਵਿਚ ਨਹੀਂ ਸਨ।

ਉਪ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਕੈਟਿ ਮਿਲਰ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਉਪ ਰਾਸ਼ਟਰਪਤੀ ਮਾਇਕ ਪੇਨੇਸ ਦਾ ਇਕ ਅਧਿਕਾਰੀ ਪਾਜ਼ਟਿਵ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਿਹਤ ਵਿਭਾਗ ਦੀ ਗਾਈਡਲਾਈਨਸ ਮੁਤਾਬਕ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੁਣ ਤੱਕ ਇਸ ਬੀਮਾਰੀ ਕਾਰਨ 230 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 2 ਅਮਰੀਕੀ ਸੰਸਦੀ ਮੈਂਬਰਾਂ  ਸਮੇਤ 13,680 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਸ਼ੁੱਕਰਵਾਰ 0030 ਵਜੇ ਤੱਕ ਕਰੀਬ 13,680 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲੇ ਹਨ।


Share