ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨਟੱਕੀ ਲਈ ਹੰਗਾਮੀ ਯੋਜਨਾ ਦਾ ਐਲਾਨ

270
Share

– ਕੈਂਨਟੱਕੀ ਸਮੇਤ 4 ਰਾਜਾਂ ’ਚ ਆਏ ਜ਼ਬਰਦਸਤ ਤੂਫਾਨ ਕਾਰਨ ਭਾਰੀ ਤਬਾਹੀ
– ਮਰਨ ਵਾਲਿਆਂ ਦੀ ਗਿਣਤੀ ’ਚ ਹੋਇਆ ਵਾਧਾ
ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਈਡਨ ਨੇ ਕੈਨਟੱਕੀ ਵਾਸਤੇ ਹੰਗਾਮੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੰਘੀ ਹੰਗਾਮੀ ਮੈਨਜਮੈਂਟ ਏਜੰਸੀ ਨੂੰ ਤੂਫਾਨ ਪੀੜਤਾਂ ਦੀ ਮਦਦ ਕਰਨ ਲਈ ਕਿਹਾ ਹੈ। ਵਾਇਟ ਹਾਊਸ ਅਨੁਸਾਰ ਰਾਸ਼ਟਰਪਤੀ ਨੇ ਤੂਫਾਨ ਤੋਂ ਪ੍ਰਭਾਵਿਤ ਰਾਜਾਂ ਦੇ ਗਵਰਨਰਾਂ ਨਾਲ ਗੱਲ ਕੀਤੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ‘‘ਅਸੀਂ ਇਕਮੁੱਠ ਹੋ ਕੇ ਹਾਲਾਤ ਦਾ ਮੁਕਾਬਲਾ ਕਰਾਂਗੇ। ਸੰਘੀ ਸਰਕਾਰ ਪਿੱਛੇ ਨਹੀਂ ਹਟੇਗੀ। ਇਹ ਮੌਕਾ ਅਜਿਹਾ ਹੈ, ਜਦੋਂ ਅਸੀਂ ਡੈਮੋਕਰੈਟਸ ਜਾਂ ਰਿਪਬਲੀਕਨ ਨਹੀਂ ਹਾਂ ਤੇ ਅਸੀਂ ਸਾਰੇ ਅਮਰੀਕੀ ਹਾਂ।’’
ਅਮਰੀਕਾ ਦੇ ਕੈਨਟੱਕੀ, ਇਲੀਨੋਇਸ, ਟੈਨੇਸੀ ਤੇ ਅਰਕੰਸਾਸ ਰਾਜ ’ਚ ਆਏ ਜਬਰਦਸਤ ਤੂਫਾਨ ਵਿਚ ਫਸ ਕੇ ਅਨੇਕਾਂ ਲੋਕ ਮਾਰੇ ਗਏ ਹਨ ਤੇ ਭਾਰੀ ਤਬਾਹੀ ਹੋਈ ਹੈ। ਕੈਂਨਟੱਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਘੱਟੋ-ਘੱਟ 84 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਇਸ ਤੋਂ ਇਲਾਵਾ ਘਰਾਂ, ਸਨਅਤੀ ਇਮਾਰਤਾਂ ਤੇ ਨਰਸਿੰਗ ਹੋਮ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਪੱਛਮੀ ਕੈਨਟੱਕੀ ’ਚ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਤੇ ਰਾਜ ਦੇ ਇਤਿਹਾਸ ਵਿਚ ਇਹ ਪਹਿਲਾ ਸਭ ਤੋਂ ਵਧ ਖਤਰਨਾਕ ਤੂਫਾਨ ਹੈ। ਹਵਾਵਾਂ 227 ਕਿਲੋਮੀਟਰ ਦੀ ਰਫਤਾਰ ਨਾਲ ਚੱਲੀਆਂ ਤੇ ਉਨ੍ਹਾਂ ਦੇ ਰਸਤੇ ਵਿਚ ਜੋ ਵੀ ਆਇਆ, ਉਸ ਨੂੰ ਹੂੰਝ ਕੇ ਲੈ ਗਈਆਂ। ਕੈਨਟੱਕੀ ਤੋਂ ਇਲਾਵਾ ਅਰਕੰਸਾਸ ’ਚ ਇਕ 86 ਬਿਸਤਰਿਆਂ ਵਾਲਾ ਨਰਸਿੰਗ ਹੋਮ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ 5 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਲੀਨੋਇਸ ਵਿਚ ਐਡਵਰਡਸਵਿਲੇ ਵਿਖੇ ਸੇਂਟ ਲੋਇਸ ਦੇ ਪੂਰਬ ਵਿਚ ਐਮਾਜ਼ੋਨ ਦੀ ਇਕ ਇਮਾਰਤ ਦੀ ਛੱਤ ਉੱਡ ਗਈ। ਅੱਗ ਬੁਝਾਊ ਵਿਭਾਗ ਦੇ ਮੁੱਖੀ ਜੇਮਜ ਵਾਇਟਫੋਰਡ ਅਨੁਸਾਰ ਇਥੇ 6 ਲੋਕ ਮਾਰੇ ਗਏ ਹਨ। ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਐਮਾਜ਼ੋਨ ਨੇ ਇਕ ਬਿਆਨ ਰਾਹੀਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮੌਕੇ ਉਪਰ ਮਦਦ ਲਈ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਹੈ। ਟੈਨੇਸੀ ਦੇ ਉਤਰ ਪੱਛਮੀ ਹਿੱਸੇ ਵਿਚ 3 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ।

Share