ਅਮਰੀਕੀ ਰਾਸ਼ਟਰਪਤੀ ਬਾਈਡਨ ਤੇ ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਡਾ ਵਿਚਾਲੇ ਵਰਚੂਅਲ ਗੱਲਬਾਤ ਦੌਰਾਨ ਅਹਿਮ ਮੁੱਦਿਆਂ ਬਾਰੇ ਚਰਚਾ

198
ਵਾਈਟ ਹਾਊਸ ਵਿਚ ਰਾਸ਼ਟਰਪਤੀ ਜੋ ਬਾਈਡਨ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਡਾ ਨਾਲ ਵਰਚੂਅਲ ਗੱਲਬਾਤ ਦੌਰਾਨ
Share

ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋ  ਬਾਈਡਨ ਦੀ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਡਾ ਨਾਲ ਹੋਈ ਵਰਚੂਅਲ ਗੱਲਬਾਤ ਦੌਰਾਨ ਦੁਪਾਸੜ ਮੁੱਦਿਆਂ ਤੋਂ ਇਲਾਵਾ ਕੌਮਾਂਤਰੀ ਮੁੱਦਿਆਂ ਬਾਰੇ ਅਹਿਮ ਚਰਚਾ ਹੋਈ। ਗੱਲਬਾਤ ਦੌਰਾਨ  ਖਿਤੇ ਵਿਚ ਚੀਨ ਦਾ ਹਮਲਾਵਰ ਰੁਖ ਤੇ ਉਸ ਵੱਲੋਂ ਵਧਾਈ ਜਾ ਰਹੀ ਫੌਜੀ ਤਾਕਤ ਵਿਚਾਰ ਵਟਾਂਦਰੇ ਦੇ ਪ੍ਰਮੁੱਖ ਮੁੱਦੇ ਰਹੇ। ਬਾਈਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਕਿਸ਼ਿਡਾ ਨੇ ਵਿਸ਼ੇਸ਼ ਤੌਰ ‘ਤੇ ਚੀਨ ਦੇ ਪ੍ਰਮਾਣੂ ਹਥਿਆਰਾਂ ਦੇ ਜਖੀਰੇ ਉਪਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਦੱਖਣ ਤੇ ਪੂਰਬੀ ਚੀਨੀ ਸਮੁੰਦਰ ਵਿਚ ਬੀਜਿੰਗ ਦੀਆਂ ਕਾਰਵਾਈਆਂ ਬਾਰੇ ਵੀ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ। ਦੋਨਾਂ ਆਗੂਆਂ ਵਿਚਾਲੇ 90 ਮਿੰਟ ਹੋਈ ਗੱਲਬਾਤ ਦੌਰਾਨ ਯੁਕਰੇਨ ਦੇ ਤਾਜਾ ਸੰਕਟ ਦੇ ਮੁੱਦੇ ਉਪਰ ਵੀ ਚਰਚਾ ਹੋਈ। ਵਰਚੂਅਲ ਗੱਲਬਾਤ ਦੌਰਾਨ ਕਿਸ਼ੀਡਾ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਜਪਾਨ ਆਉਣ ਦਾ ਸੱਦਾ ਦਿੱਤਾ ਗਿਆ ਜੋ ਉਨ੍ਹਾਂ ਨੇ ਪ੍ਰਵਾਨ ਕਰ ਲਿਆ। ਬਾਈਡਨ ਇਸ ਸਾਲ ਦੇ ਆਖਿਰ ਵਿਚ ਜਪਾਨ ਦਾ ਦੌਰਾ ਕਰਨਗੇ। ਤਰੀਕ ਬਾਰੇ ਫੈਸਲਾ ਬਾਅਦ ਵਿਚ ਲਿਆ ਜਾਵੇਗਾ। ਬਾਈਡਨ ਦੀ ਰਾਸ਼ਟਰਪਤੀ ਵਜੋਂ ਏਸ਼ੀਆ ਦੀ ਇਹ ਪਹਿਲੀ ਯਾਤਰਾ ਹੋਵੇਗੀ।

 


Share