ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕੀ

686
Share

ਵਾਸ਼ਿੰਗਟਨ, 16 ਅਪ੍ਰੈਲ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਉਨ੍ਹਾਂ ਦੇ ਮੁਲਕ ਵੱੱਲੋਂ ਮਿਲਦੀ ਵਿੱਤੀ ਮਦਦ ’ਤੇ ਰੋਕ ਲਾ ਦਿੱਤੀ ਹੈ। ਟਰੰਪ ਨੇ ਕਿਹਾ ਕਿ ਆਲਮੀ ਸੰਸਥਾ ਜਿੱਥੇ ਆਪਣੇ ਬੁਨਿਆਦੀ ਫ਼ਰਜ਼ ਨੂੰ ਨਿਭਾਉਣ ਵਿੱਚ ਨਾਕਾਮ ਰਹੀ, ਉਥੇ ਉਸ ਨੇ ਇਸ ਪੂਰੇ ਘਟਨਾਕ੍ਰਮ ’ਤੇ ਪਰਦਾ ਪਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਲਈ ਇਸ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਚੀਨ ਦੇ ਕੇਂਦਰੀ ਸੂਬੇ ਹੁਬੇਈ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਨੋਵੇਲ ਕਰੋਨਾਵਾਇਰਸ ਹੁਣ ਤਕ ਆਲਮੀ ਪੱਧਰ ’ਤੇ 1.19 ਲੱਖ ਲੋਕਾਂ ਨੂੰ ਨਿਗਲ ਚੁੱਕਾ ਹੈ। ਜੌਹਨ ਹੌਪਕਿਨਜ਼ ਦੀ ਰਿਪੋਰਟ ਮੁਤਾਬਕ ਇਕੱਲੇ ਅਮਰੀਕਾ ਵਿੱਚ 25000 ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਡਬਲਿਊਐੱਚਓ ਨੂੰ ਸਾਲਾਨਾ 40 ਤੋਂ 50 ਕਰੋੜ ਡਾਲਰ ਦੀ ਮਦਦ ਦਿੰਦਾ ਹੈ।

ਟਰੰਪ ਨੇ ਇਥੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਮੈਂ ਆਪਣੇ ਪ੍ਰਸ਼ਾਸਨ ਨੂੰ ਆਖ ਦਿੱਤਾ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ ਨੂੰ ਇਥੋਂ ਜਾਂਦੀ ਫੰਡਿੰਗ ਰੋਕ ਦੇਵੇ। ਕਰੋਨਾਵਾਇਰਸ ਦੇ ਪਾਸਾਰ ਨੂੰ ਰੋਕਣ ਤੇ ਇਸ ਪੂਰੇ ਘਟਨਾਕ੍ਰਮ ’ਤੇ ਪਰਦਾ ਪਾਉਣ ਦੇ ਯਤਨਾਂ ਤੇ ਬਦਇੰਤਜ਼ਾਮੀ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਹਰ ਕਿਸੇ ਨੂੰ ਪਤਾ ਹੈ ਕਿ ਉਥੇ ਕੀ ਹੋ ਰਿਹਾ ਸੀ।’ ਚੇਤੇ ਰਹੇ ਕਿ ਟਰੰਪ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਡਬਲਿਊਐੱਚਓ ’ਤੇ ਚੀਨ ਦੇ ਹੱਥਾਂ ਦੀ ਸਿਆਸੀ ਕਠਪੁਤਲੀ ਬਣਨ ਦਾ ਦੋਸ਼ ਲਾਇਆ ਸੀ। ਅਮਰੀਕਾ ਨੇ ਦੋਸ਼ ਲਾਇਆ ਕਿ ਅਮਰੀਕੀ ਅਰਥਚਾਰੇ ਵਿੱਚ ਆਏ ਠਹਿਰਾਅ ਪਿੱਛੇ ਆਲਮੀ ਸਿਹਤ ਸੰਸਥਾ ਤੇ ਚੀਨ ਦੀ ਮਿਲੀਭੁਗਤ ਹੈ।
ਅਮਰੀਕੀ ਸਦਰ ਨੇ ਕਿਹਾ, ‘ਇਸ ਆਲਮੀ ਸੰਸਥਾ ਦਾ ਮੋਹਰੀ ਸਰਪ੍ਰਸਤ ਹੋਣ ਦੇ ਨਾਤੇ ਅਮਰੀਕਾ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਡਬਲਿਊਐੱਚਓ ਦੇ ਇਸ ਸਭ ਤੋਂ ਖ਼ਤਰਨਾਕ ਫੈਸਲੇ, ਜਿਸ ਦੀ ਕੁੱਲ ਆਲਮ ਨੂੰ ਇੰਨੀ ਮਹਿੰਗੀ ਕੀਮਤ ਤਾਰਨੀ ਪੈ ਰਹੀ ਹੈ, ਲਈ ਜਵਾਬਦੇਹੀ ਯਕੀਨੀ ਬਣਾਉਣ ਵਾਸਤੇ ਜ਼ੋਰ ਪਾਏ।’


Share