ਅਮਰੀਕੀ ਰਾਸ਼ਟਰਪਤੀ ਨੇ ਰੂਸ ਅਤੇ ਚੀਨ ਨੂੰ ਦਿੱਤੇ ਸਖ਼ਤ ਸੰਦੇਸ਼

429
Share

ਵਾਸ਼ਿੰਗਟਨ, 6 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣਾ ਪਹਿਲਾ ਡਿਪਲੋਮੈਟਿਕ ਸੰਬੋਧਨ ਕੀਤਾ। ਬਾਈਡੇਨ ਨੇ ਵਾਸ਼ਿੰਗਟਨ ਵਿਚ 4 ਫਰਵਰੀ ਨੂੰ ਵਿਦੇਸ਼ ਵਿਭਾਗ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨਾਲ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਮੌਜੂਦ ਰਹੀ। ਬਾਈਡੇਨ ਨੇ ਆਪਣਾ ਡਿਪਲੋਮੈਟਿਕ ਸੰਬੋਧਨ ਦਿੱਤਾ।  ਇਸ ਵਿਚ ਬਾਈਡੇਨ ਨੇ ਗਲੋਬਲ ਮੰਚ ‘ਤੇ ਰਾਸ਼ਟਰਪਤੀ ਦੇ ਤੌਰ ‘ਤੇ ‘ਅਮਰੀਕਾ ਇਜ਼ ਬੈਕ’ ਦਾ ਐਲਾਨ ਕੀਤਾ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਤਰਤੀਬ ਵਿਦੇਸ਼ ਨੀਤੀ ਦੇ ਬਾਅਦ ਇਕ ਨਵੇਂ ਯੁੱਗ ਦਾ ਵਾਅਦਾ ਕੀਤਾ। ਬਾਈਡੇਨ ਨੇ ਆਪਣੇ ਭਾਸ਼ਣ ਵਿਚ ਚੀਨ ਅਤੇ ਰੂਸ ਲਈ ਹਮਲਾਵਰ ਰਵੱਈਆ ਅਪਨਾਏ ਜਾਣ ਦਾ ਸੰਕੇਤ ਦਿੱਤਾ।ਬਾਈਡੇਨ ਨੇ ਕਿਹਾ,”ਅਮਰੀਕੀ ਅਗਵਾਈ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ, ਜਿਸ ਵਿਚ ਚੀਨ ਦੀ ਵੱਧਦੀ ਅਭਿਲਾਸ਼ਾ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਅਤੇ ਰੁਕਾਵਟ ਪਾਉਣ ਦਾ ਰੂਸ ਦਾ ਦ੍ਰਿੜ੍ਹ ਸੰਕਲਪ ਸ਼ਾਮਲ ਹੈ। ਸਾਨੂੰ ਆਪਣੇ ਉਦੇਸ਼ ਨੂੰ ਹਾਸਲ ਕਰਨਾ ਚਾਹੀਦਾ ਹੈ। ਸਾਨੂੰ ਮਹਾਮਾਰੀ ਤੋਂ ਲੈ ਕੇ ਜਲਵਾਯੂ ਸੰਕਟ ਅਤੇ ਪਰਮਾਣੂ ਪ੍ਰਸਾਰ ਤੱਕ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ।” ਅਸਲ ਵਿਚ ਟਰੰਪ ਦੀ ਟੈਰਿਫ ਵਧਾਉਣ ਦੀ ਨੀਤੀ ਕਾਰਨ ਅਮਰੀਕਾ ਨੂੰ ਯੂਰਪੀ ਅਤੇ ਏਸ਼ੀਆਈ ਨੇਤਾਵਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ। ਇੱਥੋਂ ਤੱਕ ਕਿ ਟਰੰਪ ਨੇ ਗਲੋਬਲ ਗਠਜੋੜ ਦੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਦੀ ਧਮਕੀ ਦਿੱਤੀ।

6 ਜਨਵਰੀ ਨੂੰ ਟਰੰਪ ਸਮਰਥਕਾਂ ਨੇ ਬਾਈਡੇਨ ਦੀ ਜਿੱਤ ਨੂੰ ਅਸਵੀਕਾਰ ਕਰਦਿਆਂ ਅਮਰੀਕੀ ਸੰਸਦ ਭਵਨ ਕੈਪੀਟਲ ਬਿਲਡਿੰਗ ‘ਤੇ ਹਮਲਾ ਕੀਤਾ ਅਤੇ ਇਸ ਨਾਲ ਵਿਦੇਸ਼ੀ ਸਹਿਯੋਗੀਆਂ ਅਤੇ ਵਿਰੋਧੀਆਂ ਨੇ ਅਮਰੀਕਾ ਵਿਚ ਲੋਕਤੰਤਰ ਦੇ ਹਾਲਾਤ ਸਬੰਧੀ ਖਦਸ਼ਾ ਜ਼ਾਹਰ ਕੀਤਾ ਸੀ। ਲਿਹਾਜਾ ਵੀਰਵਾਰ ਨੂੰ ਬਾਈਡੇਨ ਦਾ ਭਾਸ਼ਣ ਉਹਨਾਂ ਖਦਸ਼ਿਆਂ ਨੂੰ ਦੂਰ ਕਰਨ ਅਤੇ ਇਕ ਸ਼ਕਤੀਸ਼ਾਲੀ ਅੰਤਰਰਾਸ਼ਟਰੀ ਰਵੱਈਆ ਅਪਨਾਏ ਜਾਣ ਨੂੰ ਲੈਕੇ ਅਮਰੀਕੀਆਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਸੀ। ਬਾਈਡੇਨ ਨੇ ਕਿਹਾ ਕਿ ਅਸੀਂ ਆਪਣੀ ਕੂਟਨੀਤੀ ਜ਼ਰੀਏ ਇੰਨੀ ਜੱਦੋਜਹਿਦ ਇਸ ਲਈ ਨਹੀਂ ਕਰਦੇ ਕਿਉਂਕਿ ਇਹ ਦੁਨੀਆ ਲਈ ਸਹੀ ਗੱਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਇਹ ਸਭ ਕਰਦੇ ਹਾਂ ਕਿਉਂਕਿ ਇਹ ਸਾਡੇ ਆਪਣੇ ਹਿੱਤ ਵਿਚ ਹੈ। ਬਾਈਡੇਨ ਦਾ ਆਪਣੇ ਪਹਿਲੇ ਡਿਪਲੋਮੈਟਿਕ ਸੰਬੋਧਨ ਲਈ ਵਿਦੇਸ਼ ਵਿਭਾਗ ਨੂੰ ਚੁਣਨਾ ਉਹਨਾਂ ਦੇ ਡਿਪਲੋਮੈਟਿਕ ਸੰਬੰਧਾਂ ਨੂੰ ਤਰਜੀਹ ਦੇਣਾ ਦਰਸਾਉਂਦਾ ਹੈ, ਜਿੱਥੇ ਟਰੰਪ ਨੇ ਆਪਣੇ ਜ਼ਿਆਦਾਤਰ ਵਿਦੇਸ਼ੀ ਸਹਿਯੋਗੀਆਂ ਨੂੰ ਨਾਰਾਜ਼ ਕੀਤਾ।


Share