ਅਮਰੀਕੀ ਰਾਸ਼ਟਰਪਤੀ ਨੇ ਓਕ ਕ੍ਰੀਕ ਗੁਰਦੁਆਰੇ ’ਚ ਵਾਪਰੀ ਘਟਨਾ ਨੂੰ ਕੀਤਾ ਯਾਦ

524
Share

-9 ਸਾਲ ਪਹਿਲਾਂ ਹੋਈ ਇਸ ਘਟਨਾ ’ਚ ਗਈ ਸੀ 7 ਲੋਕਾਂ ਦੀ ਜਾਨ
-ਮਹਾਮਾਰੀ ਦੌਰਾਨ ਏਸ਼ਿਆਈ-ਅਮਰੀਕੀ ਮੂਲ ਦੇ ਲੋਕਾਂ ਵਿਰੁੱਧ ਵਧੇ ਨਫਰਤੀ ਅਪਰਾਧ : ਬਾਇਡਨ
ਵਾਸ਼ਿੰਗਟਨ, 7 ਅਗਸਤ (ਪੰਜਾਬ ਮੇਲ)- ਨੌਂ ਸਾਲ ਪਹਿਲਾਂ (ਸੰਨ 2012) ਅਮਰੀਕਾ ਦੇ ਵਿਸਕਾਨਸਨ ਸੂਬੇ ਦੇ ਗੁਰਦੁਆਰੇ ’ਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਯਾਦ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਨਿਆ ਕਿ ਮਹਾਮਾਰੀ ਦੌਰਾਨ ਏਸ਼ਿਆਈ-ਅਮਰੀਕੀ ਮੂਲ ਦੇ ਲੋਕਾਂ ਵਿਰੁੱਧ ਨਫ਼ਰਤੀ ਅਪਰਾਧ ਵਧੇ ਹਨ। ਉਨ੍ਹਾਂ ਅਹਿਦ ਕੀਤਾ ਕਿ ਉਹ ਭਾਈਚਾਰੇ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਸਮੱਸਿਆ ਦਾ ਟਾਕਰਾ ਕਰਨਗੇ। ਜ਼ਿਕਰਯੋਗ ਹੈ ਕਿ 5 ਅਗਸਤ, 2012 ਨੂੰ ਇਕ ਗੋਰੇ ਕੱਟੜਵਾਦੀ ਨੇ ਓਕ ਕ੍ਰੀਕ ਗੁਰਦੁਆਰੇ ’ਚ ਗੋਲੀਬਾਰੀ ਕੀਤੀ ਸੀ ਤੇ ਸੱਤ ਜਣੇ ਮਾਰੇ ਗਏ ਸਨ। ਬਾਇਡਨ ਨੇ ਵਾਈਟ ਹਾਊਸ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਇਸ ਦਿਨ 2012 ਵਿਚ, ਮੈਂ ਇਕ ਸਿੱਖ ਮਿੱਤਰ ਨਾਲ ਸੀ, ਤੇ ਅਸੀਂ ਓਕ ਕ੍ਰੀਕ ਦੇ ਇਕ ਗੁਰਦੁਆਰੇ ’ਚ ਗੋਲੀਬਾਰੀ ਦੀ ਘਟਨਾ ਨਾਲ ਨਜਿੱਠ ਰਹੇ ਸੀ, ਕੱਟੜਤਾ ’ਚੋਂ ਉਪਜੀ ਇਸ ਨਫ਼ਰਤੀ ਕਾਰਵਾਈ ਨੇ ਸੱਤ ਲੋਕਾਂ ਦੀ ਜਾਨ ਲੈ ਲਈ। ਅਸੀਂ ਉਸ ਤ੍ਰਾਸਦੀ ਦੀ ਮਾਰ ਹੇਠ ਆਉਣ ਵਾਲਿਆਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ।’ ਇਸ ਤੋਂ ਪਹਿਲਾਂ ਜੋਅ ਬਾਇਡਨ ਨੇ ਏਸ਼ਿਆਈ-ਅਮਰੀਕੀਆਂ ਤੇ ਕਈ ਮਨੁੱਖੀ ਹੱਕ ਕਾਰਕੁਨਾਂ ਨਾਲ ਮੁਲਾਕਾਤ ਕੀਤੀ। ਬਾਇਡਨ ਨੇ ਕਿਹਾ ਕਿ ਨਫ਼ਰਤੀ ਅਪਰਾਧ, ਤੰਗ-ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਤੇ ਕੁੱਟਮਾਰ ਵਧੀ ਹੈ ਤੇ ਰੁੱਕ ਨਹੀਂ ਰਹੀ। ਵਾਈਟ ਹਾਊਸ ਵਿਚ ਕਈ ਭਾਰਤੀ-ਅਮਰੀਕੀਆਂ ਨੂੰ ਬਾਇਡਨ ਨਾਲ ਮੁਲਾਕਾਤ ਲਈ ਸੱਦਿਆ ਗਿਆ ਸੀ। ਵਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਨ੍ਹਾਂ ਆਗੂਆਂ ਨਾਲ ਮੁਲਾਕਾਤ ਕਰਕੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਇਕ ਵੱਖਰੇ ਬਿਆਨ ’ਚ ਧਰਮ ਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਬਾਇਡਨ ਦਾ ਉਨ੍ਹਾਂ ਦੇ ‘ਹਮਦਰਦੀ ਭਰੇ ਰਵੱਈਏ’ ਤੇ ਨਫ਼ਰਤ-ਹਿੰਸਾ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਨ ਲਈ ਧੰਨਵਾਦ ਕੀਤਾ ਹੈ। ਕਾਂਗਰਸ ਮੈਂਬਰ ਜੂਡੀ ਚੂ ਜੋ ਕਿ ਏਸ਼ੀਆ ਪੈਸੇਫਿਕ ਕਾਕਸ ਦੀ ਚੇਅਰਮੈਨ ਵੀ ਹੈ, ਨੇ ਵੀ ਓਕ ਕ੍ਰੀਕ ਗੁਰਦੁਆਰੇ ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ‘ਸਾਨੂੰ ਹਰ ਹਾਲ ’ਚ ਇਸ ਕੱਟੜਵਾਦ ਨੂੰ ਨਕਾਰਨਾ ਹੋਵੇਗਾ।’¿;
ਵਾਈਟ ਹਾਊਸ ’ਚ ਭਾਰਤੀ-ਅਮਰੀਕੀਆਂ ਨਾਲ ਰਾਸ਼ਟਰਪਤੀ ਨੇ ਕੀਤੀ ਮੁਲਾਕਾਤ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਬੈਠਕ ਲਈ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਸੱਦਾ ਭੇਜਿਆ ਗਿਆ ਸੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੀਮਾ ਅਗਨਾਨੀ, ਸਤਜੀਤ ਕੌਰ, ਕਿਰਨ ਕੌਰ ਗਿੱਲ ਤੇ ਨੀਲ ਮਖ਼ੀਜਾ ਹਾਜ਼ਰ ਸਨ। ਇਸ ਮੌਕੇ ਹੋਈ ਗੱਲਬਾਤ ਏਸ਼ਿਆਈ ਮੂਲ ਦੇ ਲੋਕਾਂ ਖ਼ਿਲਾਫ਼ ਹੁੰਦੀ ਹਿੰਸਾ ਦਾ ਟਾਕਰਾ ਕਰਨ ’ਤੇ ਕੇਂਦਰਿਤ ਸੀ। ਇਸ ਤੋਂ ਇਲਾਵਾ ਆਰਥਿਕ ਮੌਕਿਆਂ, ਬਰਾਬਰੀ ਪ੍ਰਤੀ ਵਚਨਬੱਧਤਾ, ਵੋਟ ਪਾਉਣ ਦੇ ਹੱਕ ਦੀ ਰਾਖੀ ਤੇ ਆਵਾਸ ਸੁਧਾਰਾਂ ਬਾਰੇ ਵੀ ਗੱਲਬਾਤ ਹੋਈ। ਇਸ ਤੋਂ ਪਹਿਲਾਂ ਵੀਰਵਾਰ ਬਾਇਡਨ ਨੇ ਅਮਰੀਕੀਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਨਫ਼ਰਤ ਤੇ ਕੱਟੜਤਾ ਦੇ ਖ਼ਿਲਾਫ਼ ਖੜ੍ਹੇ ਹੋਣ ਤੇ ਯਕੀਨੀ ਬਣਾਉਣ ਕਿ ਸਾਰਿਆਂ ਨੂੰ ਆਪਣਾ ਧਰਮ ਨਿਭਾਉਣ ਦੀ ਖੁੱਲ੍ਹ ਮਿਲੇ।

Share