ਅਮਰੀਕੀ ਰਾਸ਼ਟਰਪਤੀ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲੱਗੀ

447
-ਜੋਅ ਬਾਇਡਨ ਨੂੰ ਦਿੱਤੀ ਗਈ ਫਾਈਜ਼ਰ ਦੀ ਬੂਸਟਰ ਡੋਜ਼
-ਜਲਦ ਹੀ ਜੌਨਸਨ ਐਂਡ ਜੌਨਸਨ ਦੀ ਬੂਸਟਰ ਡੋਜ਼ ਨੂੰ ਵੀ ਮਿਲ ਸਕਦੀ ਹੈ ਹਰੀ ਝੰਡੀ
ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- ਇੱਕ ਸਮੇਂ ਪੂਰੀ ਦੁਨੀਆਂ ਦੇ ਲਈ ਕੋਰੋਨਾ ਦਾ ਗੜ੍ਹ ਬਣਿਆ ਰਿਹਾ ਅਮਰੀਕਾ ਹੁਣ ਟੀਕਾਕਰਣ ’ਤੇ ਖ਼ਾਸ ਧਿਆਨ ਦੇ ਰਿਹਾ ਹੈ। ਉਸ ਦਾ ਧਿਆਨ ਉਸ ਬੂਸਟਰ ਡੋਜ਼ ’ਤੇ ਵੀ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਕੋਰੋਨਾ ਦੇ ਖ਼ਿਲਾਫ਼ ਜ਼ਿਆਦਾ ਕਾਰਗਰ ਸਾਬਤ ਹੋ ਸਕਦੀ ਹੈ।
ਹੁਣ ਇਸੇ ਕੜੀ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲੈ ਲਈ ਹੈ। ਉਨ੍ਹਾਂ ਨੇ ਫਾਈਜ਼ਰ ਵੈਕਸੀਨ ਦੀ ਬੂਸਟਰ ਡੋਜ਼ ਲੈ ਲਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਅਮਰੀਕਾ ’ਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਫਾਈਜ਼ਰ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾ ਸਕਦੀ ਹੈ। ਕੁਝ ਸਮਾਂ ਪਹਿਲਾਂ ਹੀ ਫੈਡਰਲ ਰੈਗੂਲੇਟਰ ਨੇ ਇਸ ਦਾ ਪ੍ਰਸਤਾਵ ਰੱਖਿਆ ਸੀ। ਇਸੇ ਕਾਰਨ ਰਾਸ਼ਟਰਪਤੀ ਜੋਅ ਬਾਇਡਨ ਨੂੰ ਫਾਈਜ਼ਰ ਦੀ ਬੂਸਟਰ ਡੋਜ਼ ਦਿੱਤੀ ਗਈ, ਉਨ੍ਹਾਂ ਦੀ ਉਮਰ 78 ਸਾਲ ਹੈ। ਬੂਸਟਰ ਡੋਜ਼ ਲੱਗਣ ਤੋਂ ਪਹਿਲਾਂ ਬਾਇਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾ ਦਿੱਤੀ ਜਾਵੇ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਹਿਲੀ ਅਤੇ ਦੂਜੀ ਡੋਜ਼ ਲੱਗਣ ਤੋਂ ਬਾਅਦ ਉਨ੍ਹਾਂ ਨੇ ਕੋਈ ਸਾਈਡ ਇਫੈਕਟ ਮਹਿਸੂਸ ਨਹੀਂ ਕੀਤਾ ਸੀ।
ਰਾਸ਼ਟਰਪਤੀ ਬਾਇਡਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੂੰ ਵੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਹੁਣ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਅਮਰੀਕਾ ਵਿਚ ਵੀ ਅਜੇ ਫਾਈਜ਼ਰ ਅਤੇ ਮੋਡਰਨਾ ਹੀ ਦੋ ਵੈਕਸੀਨ ਹਨ, ਜਿਨ੍ਹਾਂ ਦਾ ਇਸਤੇਮਾਲ ਪ੍ਰਮੁੱਖਤਾ ਨਾਲ ਹੋ ਰਿਹਾ। ਇਸ ਵਿਚ ਵੀ ਬੂਸਟਰ ਡੋਜ਼ ਦੀ ਮਨਜ਼ੂਰੀ ਸਿਰਫ ਫਾਈਜ਼ਰ ਨੂੰ ਮਿਲੀ ਹੈ। ਮੌਡਰਨਾ ਨੂੰ ਲੈ ਕੇ ਅਜੇ ਹੋਰ ਡਾਟੇ ਦੀ ਉਡੀਕ ਹੈ। ਖ਼ਬਰ ਹੈ ਕਿ ਅਮਰੀਕਾ ’ਚ ਜਲਦ ਹੀ ਜੌਨਸਨ ਐਂਡ ਜੌਨਸਨ ਦੀ ਬੂਸਟਰ ਡੋਜ਼ ਨੂੰ ਵੀ ਹਰੀ ਝੰਡੀ ਦਿਖਾਈ ਜਾ ਸਕਦੀ ਹੈ।