ਅਮਰੀਕੀ ਰਾਸ਼ਟਰਪਤੀ ਦੀ ਵੱਕਾਰੀ ਚੋਣ

641
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਅਮਰੀਕਾ ਦੇ ਰਾਸ਼ਟਰਪਤੀ ਦੀ 4 ਸਾਲ ਬਾਅਦ ਹੋਣ ਵਾਲੀ ਵੱਕਾਰੀ ਚੋਣ ਹੁਣ ਆਖਰੀ ਪਲਾਂ ਵਿਚ ਹੈ। ਵੋਟਾਂ ਤਿੰਨ ਨਵੰਬਰ ਨੂੰ ਪੈਣੀਆਂ ਹਨ। ਹਾਲਾਂਕਿ ਰਾਸ਼ਟਰਪਤੀ ਚੋਣ ਦੇ ਨਾਲ ਅਮਰੀਕੀ ਕਾਂਗਰਸ, ਸਟੇਟ ਅਸੈਂਬਲੀਆਂ ਦੇ ਮੈਂਬਰ, ਵੱਖ-ਵੱਖ ਸ਼ਹਿਰਾਂ ਦੇ ਮੇਅਰਾਂ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਦੇ ਮੈਂਬਰ ਚੁਣੇ ਜਾਣ ਲਈ ਵੋਟਾਂ ਪੈਣੀਆਂ ਹਨ। ਪਰ ਅਮਰੀਕਾ ਹੀ ਨਹੀਂ, ਸਗੋਂ ਦੁਨੀਆਂ ਭਰ ਦੇ ਲੋਕਾਂ ਦੀ ਅੱਖ ਇਸ ਵੇਲੇ ਅਮਰੀਕੀ ਰਾਸ਼ਟਰਪਤੀ ਚੋਣ ਉਪਰ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨਾਲ ਨਾ ਸਿਰਫ ਅਮਰੀਕਾ ਦੇ ਅੰਦਰ, ਸਗੋਂ ਪੂਰੀ ਦੁਨੀਆਂ ਵਿਚ ਸਿਆਸੀ ਅਤੇ ਆਰਥਿਕ ਪ੍ਰਭਾਵ ਪੈਣ ਦੀ ਸੰਭਾਵਨਾ ਬਣਦੀ ਹੈ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਦੇਸ਼ ਅਮਰੀਕਾ ਚੋਣਾਂ ਨੂੰ ਬੜੀ ਨੀਝ ਨਾਲ ਵੇਖਦੇ ਹਨ। ਪਿਛਲੇ ਤਿੰਨ-ਚਾਰ ਮਹੀਨੇ ਤੋਂ ਅਮਰੀਕੀ ਚੋਣ ਲਈ ਪ੍ਰਚਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਪਰ ਕਰੋਨਾ ਮਹਾਂਮਾਰੀ ਦਾ ਪਰਛਾਵਾਂ ਇਨ੍ਹਾਂ ਚੋਣਾਂ ਉਪਰ ਡੂੰਘੀ ਤਰ੍ਹਾਂ ਛਾਇਆ ਹੋਇਆ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਹੁੰਦੀਆਂ ਰਾਸ਼ਟਰਪਤੀ ਦੀ ਚੋਣਾਂ ਵਿਚ ਹਮੇਸ਼ਾ ਵੱਡੀ ਕੌਮੀ ਤੇ ਕੌਮਾਂਤਰੀ ਮੁੱਦੇ ਬਹਿਸ-ਵਿਚਾਰ ਅਧੀਨ ਆਉਂਦੇ ਰਹੇ ਹਨ ਅਤੇ ਅਜਿਹੇ ਮੁੱਦਿਆਂ ਦਾ ਚੋਣ ਉਪਰ ਅਸਰ ਵੀ ਸਾਫ ਦੇਖਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਕੋਈ ਵੀ ਅਹਿਮ ਕੌਮੀ ਜਾਂ ਕੌਮਾਂਤਰੀ ਮੁੱਦਾ ਉੱਭਰ ਕੇ ਸਾਹਮਣੇ ਨਹੀਂ ਆਇਆ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਕਰੋਨਾ ਮਹਾਂਮਾਰੀ ਵਿਰੁੱਧ ਲੜਨ ਵਿਚ ਅਸਫਲ ਰਹਿਣ ਦਾ ਮੁੱਦਾ ਇਸ ਸਮੇਂ ਭਾਰੀ ਹੈ। ਪਿਛਲੇ ਸਾਰੇ ਹੀ ਮਹੀਨਿਆਂ ਵਿਚ ਟਰੰਪ ਉੱਪਰ ਇਹ ਦੋਸ਼ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਯਤਨ ਕਰਨ ਦੀ ਬਜਾਏ, ਹਮੇਸ਼ਾ ਚੀਨ ਅਤੇ ਡਬਲਯੂ.ਐੱਚ.ਓ. ਵਿਰੁੱਧ ਪ੍ਰਚਾਰ ਨੂੰ ਹੀ ਪਹਿਲ ਦਿੱਤੀ ਅਤੇ ਕਦੇ ਵੀ ਕਰੋਨਾ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਆਪਣੀ ਚੋਣ ਮੁਹਿੰਮ ਵਿਚ ਵੀ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਰੱਖਦੇ ਆ ਰਹੇ ਹਨ। ਪਰ ਸਮੁੱਚੇ ਚੋਣ ਦ੍ਰਿਸ਼ ਉਪਰ ਨਜ਼ਰ ਮਾਰਿਆਂ ਇਹ ਗੱਲ ਵੀ ਦਿਖਾਈ ਦਿੰਦੀ ਹੈ ਕਿ ਇਸ ਵਾਰ ਰਾਸ਼ਟਰਪਤੀ ਦੀ ਚੋਣ ਵਿਚ ਅਹਿਮ ਕੌਮੀ ਅਤੇ ਕੌਮਾਂਤਰੀ ਮੁੱਦੇ ਗੈਰ-ਹਾਜ਼ਰ ਹਨ ਅਤੇ ਸਾਰੀ ਚੋਣ ਮੁਹਿੰਮ ਛੋਟੇ ਮਸਲਿਆਂ ਉਪਰ ਇਕ ਦੂਸਰੇ ਦੀ ਆਲੋਚਨਾ ਉਪਰ ਹੀ ਟਿਕੀ ਹੋਈ ਹੈ। ਡੋਨਾਲਡ ਟਰੰਪ ਵੱਲੋਂ ‘ਅਮਰੀਕਾ, ਅਮਰੀਕੀਆਂ ਲਈ’ ਦਾ ਪਿਛਲੀ ਚੋਣ ਵਿਚ ਲਾਇਆ ਗਿਆ ਨਾਅਰਾ ਵੀ ਇਸ ਵਾਰ ਕੋਈ ਬਹੁਤਾ ਕਾਰਗਰ ਹੁੰਦਾ ਨਜ਼ਰ ਨਹੀਂ ਆ ਰਿਹਾ। ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਉੱਤੇ ਲਾਈ ਪਾਬੰਦੀ ਵੀ ਅਮਰੀਕੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਅਨੇਕ ਵਾਰ ਟਰੰਪ ਵੱਲੋਂ ਚੁੱਕੇ ਸਖ਼ਤ ਕਦਮ ਕਈ ਅਦਾਲਤਾਂ ਰੱਦ ਕਰ ਚੁੱਕੀਆਂ ਹਨ। ਇਸ ਕਰਕੇ ਟਰੰਪ ਨੇ ਇਕ ਸਖ਼ਤ ਪ੍ਰਸ਼ਾਸਕ ਵਜੋਂ ਜੋ ਅਕਸ ਉਭਾਰਨ ਦਾ ਯਤਨ ਕੀਤਾ ਸੀ, ਉਸ ਨੂੰ ਅਮਰੀਕੀ ਅਦਾਲਤਾਂ ਨੇ ਕਦੇ ਵੀ ਸਫਲ ਨਹੀਂ ਹੋਣ ਦਿੱਤਾ।
ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਜਨਤਕ ਬਹਿਸ ਬੜੀ ਮਹੱਤਵਪੂਰਨ ਅਤੇ ਅਰਥਪੂਰਨ ਰਵਾਇਤ ਮੰਨੀ ਜਾਂਦੀ ਹੈ। ਪਰ ਇਸ ਵਾਰ ਇਹ ਰਵਾਇਤੀ ਵੀ ਲੱਗਦਾ ਹੈ ਕਿ ਮਹਿਜ਼ ਰਸਮ ਹੀ ਬਣ ਕੇ ਰਹਿ ਗਈ ਹੈ। ਰਾਸ਼ਟਰਪਤੀ ਦੀ ਚੋਣ ਦੌਰਾਨ ਹੋਣ ਵਾਲੀਆਂ ਤਿੰਨ ਜਨਤਕ ਬਹਿਸਾਂ ਵਿਚੋਂ ਪਹਿਲੀ ਬਹਿਸ ਹੋਈ। ਪਰ ਇਹ ਬਹਿਸ ਅਮਰੀਕੀ ਵੋਟਰਾਂ ਨੂੰ ਕੋਈ ਹੁਲਾਰਾ ਦੇਣ ਵਿਚ ਕਾਮਯਾਬ ਨਹੀਂ ਰਹੀ ਅਤੇ ਨਾ ਹੀ ਕਿਸੇ ਇਕ ਉਮੀਦਵਾਰ ਦਾ ਪੱਖ ਹੀ ਅੱਗੇ ਲਿਜਾ ਸਕੀ ਹੈ। ਹਾਲਾਂਕਿ ਇਸ ਬਹਿਸ ਦੇ ਹੋਏ ਚੋਣ ਸਰਵੇਖਣ ਦੱਸਦੇ ਹਨ ਕਿ ਟਰੰਪ ਦਾ ਪਾਸਾ ਨੀਵਾਂ ਹੀ ਰਿਹਾ ਹੈ। ਦੂਜੀ ਜਨਤਕ ਬਹਿਸ ਮੌਕੇ ਡੋਨਾਲਡ ਟਰੰਪ ਕਰੋਨਾ ਦਾ ਸ਼ਿਕਾਰ ਹੋਣ ਕਾਰਨ ਇਕਾਂਤਵਾਸ ਵਿਚ ਸਨ। ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਰਚੂਅਲ ਕਾਨਫਰੰਸ ਰਾਹੀਂ ਬਹਿਸ ਵਿਚ ਹਿੱਸਾ ਲੈਣ ਲਈ ਕਿਹਾ ਸੀ, ਪਰ ਟਰੰਪ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਦੂਜੀ ਬਹਿਸ ਹੋ ਹੀ ਨਹੀਂ ਸਕੀ ਅਤੇ ਤੀਜੀ ਤੇ ਆਰਥਿਕ ਜਨਤਕ ਬਹਿਸ ਅਗਲੇ ਦਿਨਾਂ ਵਿਚ ਹੋਣੀ ਹੈ। ਇਸ ਬਾਰੇ ਵੀ ਹੁਣ ਅਮਰੀਕੀ ਲੋਕ ਬਹੁਤੇ ਉਤਸੁਕ ਨਜ਼ਰ ਨਹੀਂ ਆ ਰਹੇ।
ਜਨਤਕ ਬਹਿਸ ਦੌਰਾਨ ਟਰੰਪ ਉਪਰ ਪੂਰੇ ਟੈਕਸ ਨਾ ਭਰਨ ਅਤੇ ਐੱਫ.ਡੀ. ਬਾਰੇ ਹੋਏ ਸਵਾਲਾਂ ਦਾ ਜਿਸ ਬੇਸ਼ਰਮੀ ਨਾਲ ਉਨ੍ਹਾਂ ਜਵਾਬ ਦਿੱਤਾ, ਉਸ ਨੇ ਟਰੰਪ ਦੇ ਅਕਸ ਨੂੰ ਕਾਫੀ ਢਾਅ ਲਾਈ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਇਸ ਵੇਲੇ ਟਰੰਪ ਆਪਣਾ ਧੜੱਲੇਦਾਰ ਉਮੀਦਵਾਰ ਹੋਣ ਦਾ ਅਕਸ ਉਭਾਰਨ ਲਗਾਤਾਰ ਯਤਨ ਕਰਦੇ ਰਹੇ ਹਨ। ਪਰ ਉਨ੍ਹਾਂ ਦਾ ਇਹ ਅਕਸ ਉਭਰਿਆ ਨਜ਼ਰ ਨਹੀਂ ਆ ਰਿਹਾ। ਕੌਮਾਂਤਰੀ ਪੱਧਰ ਉੱਤੇ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੀ ਘੇਰਾਬੰਦੀ ਕਰਨ ਦੀ ਟਰੰਪ ਦੀ ਯੋਜਨਾ ਨੂੰ ਵੀ ਕੋਈ ਬਹੁਤੀ ਸਫਲਤਾ ਮਿਲੀ ਨਜ਼ਰ ਨਹੀਂ ਆ ਰਹੀ। ਇਨ੍ਹਾਂ ਚੋਣਾਂ ਵਿਚ ਅਮਰੀਕੀ ਆਰਥਿਕਤਾ ਨੂੰ ਮੰਦੀ ਦੇ ਦੌਰ ਵਿਚੋਂ ਉਭਾਰਨ ਅਤੇ ਚੀਨ ਦੇ ਅਮਰੀਕੀ ਆਰਥਿਕਤਾ ਵਿਚ ਦਖਲ ਨੂੰ ਰੋਕਣ ਦਾ ਮੁੱਦਾ ਵੀ ਟਰੰਪ ਉਭਾਰਨ ਵਿਚ ਸਫਲ ਨਹੀਂ ਹੋਏ। ਹਾਲਾਂਕਿ ਪਿਛਲੇ ਮਹੀਨਿਆਂ ਦੌਰਾਨ ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਲਾਮਬੰਦੀ ਕਰਨ ਦਾ ਸਖ਼ਤ ਯਤਨ ਕੀਤਾ ਸੀ।
ਦੂਜੇ ਪਾਸੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਵੀ ਕਿਸੇ ਧੜੱਲੇਦਾਰ ਆਗੂ ਵਾਲਾ ਅਕਸ ਨਹੀਂ ਉਭਾਰ ਸਕੇ। ਡੈਮੋਕ੍ਰੇਟਿਕ ਪਾਰਟੀ ਭਾਵੇਂ ਪੂਰੀ ਤਰ੍ਹਾਂ ਇਕਮੁੱਠ ਹੋ ਕੇ ਉਨ੍ਹਾਂ ਦੇ ਪਿੱਛੇ ਖੜ੍ਹੀ ਹੈ। ਪਰ ਤੇਜ਼-ਤਰਾਰ ਮੁਹਿੰਮ ਖੜ੍ਹੀ ਕਰਨ ਅਤੇ ਮੁੱਦੇ ਉਭਾਰਨ ਵਿਚ ਉਹ ਵੀ ਕਾਫੀ ਪਿੱਛੇ ਹਨ। ਜਿਸ ਤਰ੍ਹਾਂ ਬਰਾਕ ਓਬਾਮਾ ਦੀ ਚੋਣ ਵਿਚ ਅਮਰੀਕਾ ਨੂੰ ਆਰਥਿਕ ਮੰਦੀ ਵਿਚੋਂ ਉਭਾਰਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਲੜਾਈਆਂ ਵਿਚ ਉਲਝੇ ਅਮਰੀਕਾ ਨੂੰ ਬਾਹਰ ਕੱਢਣ ਦਾ ਮੁੱਦਾ ਛਾਇਆ ਹੋਇਆ ਸੀ, ਇਸ ਵਾਰ ਬਾਇਡਨ ਅਜਿਹੀਆਂ ਕੋਈ ਵੀ ਗੱਲਾਂ ਨਹੀਂ ਕਰ ਸਕੇ। ਇੱਥੋਂ ਤੱਕ ਕਿ ਅਫਗਾਨਿਸਤਾਨ ਅਤੇ ਈਰਾਨ ਮੁੱਦੇ ਵੀ ਬਹੁਤ ਹੇਠਲੇ ਪੱਧਰ ਉੱਤੇ ਚਲੇ ਗਏ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀ ਚੋਣ ਮੁਹਿੰਮ ਧੀਮੀ ਅਤੇ ਠੰਡੀ ਹੋਣ ਕਾਰਨ ਅਮਰੀਕੀ ਲੋਕਾਂ ਅੰਦਰ ਵੀ ਇਨ੍ਹਾਂ ਚੋਣਾਂ ਪ੍ਰਤੀ ਕੋਈ ਬਹੁਤਾ ਜੋਸ਼ ਜਾਂ ਉਤਸ਼ਾਹ ਨਜ਼ਰ ਨਹੀਂ ਆ ਰਿਹਾ, ਸਗੋਂ ਚੋਣਾਂ ਦੇ ਐਨ ਨੇੜੇ ਆਉਣ ਤੱਕ ਵੀ ਅਜੇ ਚੋਣ ਮੈਦਾਨ ਵਿਚ ਸੁਸਤੀ ਹੀ ਛਾਈ ਨਜ਼ਰ ਆ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਕੌਮਾਂਤਰੀ ਮੁੱਦਿਆਂ ਦੇ ਗਾਇਬ ਹੋਣ ਜਾਂ ਹਲਕੇ ਪੱਧਰ ‘ਤੇ ਲਏ ਜਾਣ ਕਾਰਨ ਦੁਨੀਆਂ ਭਰ ਵਿਚ ਵੀ ਇਸ ਚੋਣ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਸਮਝੀ ਜਾ ਰਹੀ। ਪਿਛਲੇ ਸਮੇਂ ਦੌਰਾਨ ਰੂਸ, ਚੀਨ ਅਤੇ ਯੂਰਪੀਅਨ ਮੁਲਕ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਰਹੇ ਹਨ। ਪਰ ਇਸ ਵਾਰ ਲੱਗਦਾ ਹੈ ਕਿਉਂਕਿ ਚੋਣਾਂ ਵਿਚ ਕੌਮਾਂਤਰੀ ਮੁੱਦੇ ਨਹੀਂ ਹਨ, ਇਸ ਕਰਕੇ ਇਸ ਚੋਣ ਦਾ ਕੋਈ ਬਹੁਤਾ ਕੌਮਾਂਤਰੀ ਮਹੱਤਵ ਵੀ ਨਹੀਂ ਬਣਦਾ ਨਜ਼ਰ ਆ ਰਿਹਾ। ਵੱਖ-ਵੱਖ ਸੂਬਿਆਂ ਵਿਚ ਵੀ ਕਿਧਰੇ ਕੋਈ ਬਹੁਤਾ ਉਤਸ਼ਾਹ ਨਹੀਂ। ਪਿਛਲੇ ਸਮੇਂ ਦੌਰਾਨ ਹੁਣ ਤੱਕ ਹੋਏ ਬਹੁਤੇ ਚੋਣ ਸਰਵੇਖਣਾਂ ਵਿਚ ਟਰੰਪ ਪਿੱਛੇ ਨੂੰ ਤਿਲਕਦੇ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗ੍ਰਾਫ਼ ਵਿਚ ਕਦੇ ਵੀ ਸੁਧਾਰ ਹੋਇਆ ਨਜ਼ਰ ਨਹੀਂ ਆਇਆ। ਹੁਣ ਜਦ ਵੋਟਾਂ ਪੈਣ ਵਿਚ ਮਹਿਜ਼ ਦੋ ਕੁ ਹਫਤੇ ਹੀ ਰਹਿ ਗਏ ਹਨ, ਤਾਂ ਵੋਟਰਾਂ ਦੇ ਮਨਾਂ ਵਿਚ ਕਿਸੇ ਅਹਿਮ ਤਬਦੀਲੀ ਦੀ ਕੋਈ ਬਹੁਤੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਚੋਣ ਵਿਚ ਕਹਿ ਸਕਦੇ ਹਾਂ ਕਿ ਕਰੋਨਾ ਦਾ ਮੁੱਦਾ ਅਹਿਮ ਰੋਲ ਅਦਾ ਕਰ ਸਕਦਾ ਹੈ। ਇਸ ਮੁੱਦੇ ਉੱਪਰ ਟਰੰਪ ਲਗਾਤਾਰ ਘਿਰਦੇ ਰਹੇ ਹਨ। ਪਰ ਡੈਮੋਕ੍ਰੇਟਿਕ ਦੇ ਉਮੀਦਵਾਰ ਜੋਅ ਬਾਇਡਨ ਇਸ ਮਸਲੇ ਨੂੰ ਉਭਾਰਨ ਵਿਚ ਬਹੁਤਾ ਦਿਲਚਸਪੀ ਲੈਂਦੇ ਨਜ਼ਰ ਨਹੀਂ ਆ ਰਹੇ। ਕੁੱਝ ਅਮਰੀਕੀ ਲੋਕ ਹੀ ਕਰੋਨਾ ਦੀ ਆਫਤ ਕਾਰਨ ਹੰਢਾਈਆਂ ਮੁਸੀਬਤਾਂ ਅਤੇ ਔਕੜਾਂ ਤੋਂ ਸੱਤੇ ਹੋਏ ਆਪਣਾ ਪ੍ਰਤੀਕਰਮ ਜ਼ਾਹਿਰ ਕਰ ਰਹੇ ਹਨ। ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣ ਦੇ ਐਨ ਨਜ਼ਦੀਕ ਸਮੇਂ ਤੱਕ ਇਸ ਵੇਲੇ ਜੋ ਅਨਿਸ਼ਚਿਤਤਾ ਬਣੀ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਰਹੀ। ਇਹੀ ਕਾਰਨ ਹੈ ਕਿ ਆਖਰੀ ਮੌਕੇ ਤੱਕ ਵੀ ਜਿੱਤ ਦਾ ਵੱਡਾ ਦਾਅਵਾ ਕਰਨ ਵਿਚ ਕੋਈ ਵੀ ਧਿਰ ਅੱਗੇ ਨਹੀਂ ਆ ਰਹੀ ਤੇ ਨਾ ਹੀ ਉਮੀਦਵਾਰਾਂ ਵੱਲੋਂ ਵੀ ਵੱਧ-ਚੜ੍ਹ ਕੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਸ਼ਾਇਦ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਇਤਿਹਾਸ ਵਿਚ ਇਹ ਸਭ ਤੋਂ ਫਿੱਕੀ ਅਤੇ ਮੁੱਦਿਆਂ ਤੋਂ ਰਹਿਤ ਚੋਣ ਮੰਨੀ ਜਾਵੇਗੀ।


Share