ਅਮਰੀਕੀ ਰਾਸ਼ਟਰਪਤੀ ਦੀ ਪਤਨੀ ਨੇ ਫੁੱਲ ਟਾਈਮ ਨੌਕਰੀ ਲਈ ਛੱਡਿਆ ਵ੍ਹਾਈਟ ਹਾਊਸ

353
Share

– ਮੁੜ ਅਧਿਆਪਕਾ ਬਣੀ ਜਿਲ ਬਾਈਡਨ
– ਨੌਕਰੀ ਲਈ ਵ੍ਹਾਈਟ ਹਾਊਸ ਛੱਡਣ ਵਾਲੀ ਪਹਿਲੀ ਔਰਤ ਬਣੀ ਜਿਲ ਬਾਇਡਨ
ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)-ਕੰਪਿਊਟਰ ਸਕ੍ਰੀਨਾਂ ’ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੇ ਮਹੀਨਿਆਂ ਬਾਅਦ ਅਮਰੀਕਾ ਦੀ ਪਹਿਲੀ ਮਹਿਲਾ ਇਕ ਨਿੱਜੀ ਅਧਿਆਪਕ ਦੀ ਭੂਮਿਕਾ ਵਿਚ ਦਾਖਲ ਹੋ ਗਈ ਹੈ। ਮੰਗਲਵਾਰ ਨੂੰ ਜਿਲ ਬਾਈਡਨ ਨੇ ਉੱਤਰੀ ਵਰਜੀਨੀਆ ਕਮਿਊਨਿਟੀ ਕਾਲਜ ’ਚ ਕਲਾਸਰੂਮ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣਾ ਦੁਬਾਰਾ ਸ਼ੁਰੂ ਕੀਤਾ, ਜਿੱਥੇ ਉਨ੍ਹਾਂ 2009 ਤੋਂ ਕੰਮ ਕੀਤਾ ਹੈ।
ਫੁੱਲ ਟਾਈਮ ਨੌਕਰੀ ਲਈ ਵ੍ਹਾਈਟ ਹਾਊਸ ਛੱਡਣ ਵਾਲੀ ਜਿਲ ਪਹਿਲੀ ਔਰਤ ਬਣ ਗਈ। ਉਨ੍ਹਾਂ ਹਾਲ ਹੀ ਵਿਚ ਗੁੱਡ ਹਾਊਸਕੀਪਿੰਗ ਮੈਗਜ਼ੀਨ ਨੂੰ ਦੱਸਿਆ, ‘‘ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਬਦਲ ਸਕਦੇ ਤੇ ਮੈਂ ਕਲਾਸ ਰੂਮ ਵਿਚ ਵਾਪਸ ਆਉਣ ਦੀ ਉਡੀਕ ਨਹੀਂ ਕਰ ਸਕਦੀ।’’ ਪਹਿਲੀ ਮਹਿਲਾ ਕੋਰੋਨਾ ਮਹਾਮਾਰੀ ਕਾਰਨ ਵਰਚੁਅਲ ਸਿੱਖਿਆ ਦੇ ਇਕ ਸਾਲ ਤੋਂ ਵੱਧ ਸਮੇਂ ਬਾਅਦ ਆਪਣੇ ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ’ਚ ਮਿਲਣ ਬਾਰੇ ਚਿੰਤਤ ਹੈ।
ਬੋਸਟਨ ਯੂਨੀਵਰਸਿਟੀ ਦੇ ਸੰਚਾਰ ਪ੍ਰੋਫੈਸਰ ਟੈਮੀ ਵਿਜੀਲ, ਜਿਨ੍ਹਾਂ ਨੇ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਤੇ ਮਿਲੇਨੀਆ ਟਰੰਪ ਬਾਰੇ ਇਕ ਕਿਤਾਬ ਲਿਖੀ ਸੀ, ਨੇ ਫਸਟ ਲੇਡੀ ਦੀ ਨੌਕਰੀ ਨੂੰ ‘ਵੱਡੀ ਗੱਲ’ ਕਿਹਾ ਕਿਉਂਕਿ ਪਹਿਲਾਂ ਅਮਰੀਕੀ ਰਾਸ਼ਟਰਪਤੀਆਂ ਦੀਆਂ ਪਤਨੀਆਂ ਘਰ ਦੇ ਬਾਹਰ ਕੰਮ ਨਹੀਂ ਕਰਦੀਆਂ ਸਨ, ਖਾਸ ਕਰਕੇ ਜਦੋਂ ਉਨ੍ਹਾਂ ਦਾ ਘਰ ਵ੍ਹਾਈਟ ਹਾਊਸ ਬਣ ਗਿਆ। ਉਨ੍ਹਾਂ ਨੇ ਆਪਣੇ ਪਤੀਆਂ ਦੀ ਸਹਾਇਤਾ ਕੀਤੀ, ਬੱਚਿਆਂ ਦੀ ਪਰਵਰਿਸ਼ ਕੀਤੀ ਅਤੇ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਈਆਂ। ਕੁਝ ਫਸਟ ਲੇਡੀਜ਼ ਨੇ ਆਪਣੇ ਪਤੀਆਂ ਲਈ ਵਿਸ਼ੇਸ਼ ਰਾਜਦੂਤ ਵਜੋਂ ਕੰਮ ਕੀਤਾ।
70 ਸਾਲਾ ਜਿਲ ਬਾਇਡਨ ਆਪਣੇ ਭਵਿੱਖ ਦੇ ਉੱਤਰਾਧਿਕਾਰੀ ਲਈ ਇਕ ਨਵਾਂ ਰਸਤਾ ਤਿਆਰ ਕਰ ਰਹੀ ਹੈ। ਫਸਟ ਲੇਡੀ ਨੇ ਕਿਹਾ ਹੈ ਕਿ ਉਸ ਦੀ ਇੱਛਾ ਹਮੇਸ਼ਾ ਤੋਂ ਹੀ ਕਰੀਅਰ ਨੂੰ ਸਮਰਪਿਤ ਔਰਤ ਬਣਨ ਦੀ ਰਹੀ ਹੈ। ਉਨ੍ਹਾਂ ਆਪਣੇ ਪਤੀ ਜੋਅ ਬਾਇਡਨ ਦੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੇ 8 ਸਾਲਾਂ ਦੌਰਾਨ ਵਰਜੀਨੀਆ ਕਮਿਊਨਿਟੀ ਕਾਲਜ ਵਿਚ ਪੜ੍ਹਾਇਆ ਅਤੇ ਉਹ ਪੇਸ਼ੇ ਨੂੰ ਛੱਡਣ ਵਾਲੀ ਨਹੀਂ ਹੈ।
ਗੌਰਤਲਬ ਹੈ ਕਿ ਜਿਲ ਅਤੇ ਜੋਅ ਬਾਇਡਨ ਨੇ 1977 ’ਚ ਵਿਆਹ ਕੀਤਾ ਸੀ ਤੇ ਉਹ ਬੱਚਿਆਂ ਨੂੰ ਹਨੀਮੂਨ ’ਤੇ ਆਪਣੇ ਨਾਲ ਲੈ ਗਏ ਸਨ। ਜਿਲ ਨੇ 1981 ’ਚ ਆਪਣੀ ਮਾਸਟਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਆਪਣੀ ਧੀ ਦੇ ਜਨਮ ਤੋਂ ਕਈ ਸਾਲਾਂ ਬਾਅਦ, ਉਨ੍ਹਾਂ ਅੰਗਰੇਜ਼ੀ ਪੜ੍ਹਾਉਣ ਦਾ ਫੈਸਲਾ ਕੀਤਾ। ਇਸ ਸਮੇਂ ਦੌਰਾਨ ਉਸਨੇ ਅੰਗਰੇਜ਼ੀ ਵਿਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਵੀ ਜਾਰੀ ਰੱਖੀ ਤੇ 1987 ’ਚ ਉਨ੍ਹਾਂ ਆਪਣੀ ਡਿਗਰੀ ਪ੍ਰਾਪਤ ਕੀਤੀ।

Share